ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ 12 ਤੋਂ 31 ਮਈ ਤੱਕ ਰਹੇਗਾ ਬੰਦ

Wednesday, Apr 18, 2018 - 08:52 AM (IST)

ਚੰਡੀਗੜ੍ਹ — ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਇਕ ਵਾਰ ਫਿਰ 19 ਦਿਨਾਂ ਲਈ ਬੰਦ ਹੋਣ ਜਾ ਰਿਹਾ ਹੈ। ਇਹ ਹਵਾਈ ਅੱਡਾ 12 ਤੋਂ 31 ਮਈ ਤੱਕ ਬੰਦ ਰਹੇਗਾ ਅਤੇ ਇਸ ਸਮੇਂ ਦੌਰਾਨ ਨਾ ਤਾਂ ਕੋਈ ਫਲਾਈਟ ਉਡਾਣ ਭਰੇਗੀ ਅਤੇ ਨਾ ਹੀ ਕਿਸੇ ਫਲਾਈਟ ਦੀ ਲੈਂਡਿੰਗ ਹੋਵੇਗੀ। ਇਸ ਦਾ ਕਾਰਨ ਹਵਾਈ ਅੱਡੇ ਦੇ ਪੈਰਲਲ ਟੈਕਸੀ ਟਰੱਕ ਰਨਵੇਅ 'ਤੇ ਚਲ ਰਿਹਾ ਕੰਮ ਹੈ। ਮਿਲੀ ਜਾਣਕਾਰੀ ਅਨੁਸਾਰ ਹਵਾਈ ਅੱਡੇ ਨੂੰ ਅਗਲੇ ਮਹੀਨੇ 19 ਦਿਨਾਂ ਲਈ ਬੰਦ ਰੱਖਣ ਦੀ ਜਾਣਕਾਰੀ ਕੇਂਦਰ ਸਰਕਾਰ ਵਲੋਂ ਪੰਜਾਬ-ਹਰਿਆਣਾ ਹਾਈਕੋਰਟ ਵਿਚ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਪਹਿਲੇ ਗਵਰਨਰ ਦੀ ਕਾਨਫਰੈਂਸ ਦੇ ਕਾਰਨ 18 ਤੋਂ 20 ਤੱਕ ਹਵਾਈ ਅੱਡਾ ਖੋਲ੍ਹਿਆ ਜਾਣਾ ਸੀ, ਪਰ ਕਾਨਫਰੈਂਸ ਰੱਦ ਹੋ ਜਾਣ ਕਾਰਨ ਹੁਣ ਹਵਾਈ ਅੱਡਾ ਇਸ ਪੂਰੇ ਸਮੇਂ ਦੌਰਾਨ ਬੰਦ ਰਹੇਗਾ।
ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਇਸ ਜਾਣਕਾਰੀ ਕਾਰਨ ਕਈ ਏਅਰਲਾਈਨਜ਼ ਨੇ ਇਤਰਾਜ਼ ਕੀਤਾ ਹੈ। ਇਹ ਦਲੀਲ ਦਿੱਤੀ ਗਈ ਹੈ ਕਿ ਪੀਕ ਸੀਜ਼ਨ ਦੌਰਾਨ ਹਵਾਈ ਅੱਡੇ ਨੂੰ ਬੰਦ ਕਰਨ ਕਾਰਨ ਉਨ੍ਹਾਂ ਦਾ ਬਹੁਤ ਸਾਰਾ ਨੁਕਸਾਨ ਹੋ ਜਾਵੇਗਾ। ਹਾਈ ਕੋਰਟ ਨੇ ਏਅਰਲਾਈਨਜ਼ ਦੇ ਇਸ ਇਤਰਾਜ਼ ਨੂੰ ਪੂਰੀ ਤਰ੍ਹਾਂ ਨਾਲ ਖਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਪਹਿਲਾਂ ਯਾਤਰੀਆਂ ਦੀ ਸੁਰੱਖਿਆ ਹੈ। ਇਸ ਤੋਂ ਬਾਅਦ ਹੀ ਏਅਰਲਾਈਨਜ਼ ਦੇ ਹਿੱਤਾਂ ਬਾਰੇ ਗੱਲ ਕਰਾਂਗੇ।
ਹਾਈਕੋਰਟ ਨੇ ਕਿਹਾ ਕਿ ਜੇਕਰ ਰਨਵੇਅ 'ਤੇ ਕਿਸੇ ਤਰ੍ਹਾਂ ਦਾ ਕੋਈ ਵੱਡਾ ਹਾਦਸਾ ਹੋ ਜਾਂਦਾ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ। ਅਦਾਲਤ ਨੇ ਨੇਪਾਲ ਵਿਚ ਪਿਛਲੇ ਦਿਨੀਂ ਹੋਏ ਜਹਾਜ਼ ਹਾਦਸੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਹਵਾਈ ਅੱਡੇ 'ਤੇ ਮੁਢਲੀਆਂ ਅਤੇ ਹੋਰ ਬਹੁਤ ਸਾਰੀਆਂ ਸੁਵੀਧਾਵਾਂ ਮੁਹੱਈਆ ਕਰਵਾਉਣੀਆਂ ਜ਼ਰੂਰੀ ਹੈ। ਬਾਕੀ ਦੇ ਮੁੱਦਿਆਂ 'ਤੇ ਬਾਅਦ ਵਿਚ ਵੀ ਗੱਲਬਾਤ(ਚਰਚਾ) ਹੋ ਸਕਦੀ ਹੈ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਨਵੇਅ ਦੇ ਨਿਰਮਾਣ ਕਾਰਜਾਂ ਲਈ 12 ਤੋਂ 25 ਫਰਵਰੀ ਤੱਕ ਹਵਾਈ ਅੱਡੇ ਨੂੰ ਦੋ ਹਫਤਿਆਂ ਲਈ ਬੰਦ ਕੀਤਾ ਗਿਆ ਸੀ। ਪਿਛਲੀ ਸੁਣਵਾਈ 'ਤੇ ਕੇਂਦਰ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਹੁਣ ਰਨਵੇਅ ਦਾ ਕੰਮ ਪੂਰਾ ਕਰਨ ਲਈ 14 ਤੋਂ 28 ਮਈ ਨੂੰ ਹਵਾਈ ਅੱਡਾ ਦੁਬਾਰਾ ਬੰਦ ਕਰ ਦਿੱਤਾ ਜਾਵੇਗਾ।
ਮੰਗਲਵਾਰ ਨੂੰ ਸੁਣਵਾਈ ਦੌਰਾਨ ਹਾਈਕੋਰਟ ਨੂੰ ਦੱਸਿਆ ਗਿਆ ਕਿ ਦੂਸਰੇ ਫੇਜ਼ ਦੇ ਕੰਮ ਲਈ ਕੇਂਦਰ ਸਰਕਾਰ ਸਮੇਤ ਹਵਾਈ ਫੌਜ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਸਮੇਤ ਹੋਰ ਪੱਖਾਂ ਨੇ ਬੈਠਕ ਕਰ ਹੁਣ ਇਸ ਹਵਾਈ ਅੱਡੇ ਨੂੰ 12 ਤੋਂ 31 ਮਈ ਵਿਚਕਾਰ ਪੂਰੀ ਤਰ੍ਹਾਂ ਨਾਲ ਬੰਦ ਕੀਤੇ ਜਾਣ ਦਾ ਫੈਸਲਾ ਲਿਆ ਹੈ। ਹਵਾਈ ਅੱਡੇ 'ਤੇ ਕਿਸੇ ਵੀ ਟਰੈਕ ਦੇ ਵਿਕਾਸ ਕਾਰਜਾਂ ਲਈ ਹਾਈ ਕੋਰਟ ਦੀ ਇਜਾਜ਼ਤ ਲੈਣਾ ਜ਼ਰੂਰੀ ਹੈ। ਇਸ ਲਈ ਹੁਣ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਅਰਜ਼ੀ ਦਾਇਰ ਕਰਕੇ 12 ਤੋਂ 31 ਮਈ ਵਿਚਕਾਰ ਹਵਾਈ ਅੱਡੇ ਨੂੰ ਬੰਦ ਕਰਨ ਦੀ ਆਗਿਆ ਮੰਗੀ ਸੀ। ਅਦਾਲਤ ਨੇ ਅਗਲੀ ਸੁਣਵਾਈ 'ਤੇ ਇਸ ਮਾਮਲੇ ਦੀ ਸਟੇਟਸ ਰਿਪੋਰਟ ਦੇਣ ਦਾ ਵੀ ਆਦੇਸ਼ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਮਈ ਨੂੰ ਹੋਵੇਗੀ।


Related News