ਆਧਾਰ ਨਾਲ ਜੁੜੀ ਜਾਣਕਾਰੀ ਨਹੀਂ ਹੋਵੇਗੀ ਲੀਕ, ਮਿਲੇਗੀ ਵਰਚੁਅਲ ਆਈ. ਡੀ.
Thursday, Jan 11, 2018 - 10:56 AM (IST)

ਨਵੀਂ ਦਿੱਲੀ — ਭਾਰਤੀ ਵਸ਼ਿਸ਼ਟ ਪਛਾਣ ਅਥਾਰਟੀ ਨੇ ਸੀਕ੍ਰੇਸੀ ਨਾਲ ਜੁੜੇ ਸ਼ੱਕ ਦੂਰ ਕਰਨ ਲਈ 'ਵਰਚੁਅਲ ਆਈ. ਈ. ਡੀ.' ਨੂੰ ਪੇਸ਼ ਕੀਤਾ ਹੈ। ਕੋਈ ਵੀ ਆਧਾਰ ਕਾਰਡ ਹੋਲਡਰ ਅਥਾਰਟੀ ਦੀ ਵੈੱਬਸਾਈਟ 'ਤੇ ਜਾ ਕੇ ਆਪਣਾ ਵਰਚੁਅਲ ਆਈ. ਡੀ. ਕੱਢ ਸਕਦਾ ਹੈ। ਇਸ ਰਾਹੀਂ ਬਿਨਾਂ ਆਧਾਰ ਨੰਬਰ ਸਾਂਝਾ ਕੀਤੇ ਸਿਮ ਦੀ ਪੁਸ਼ਟੀ ਸਮੇਤ ਕਈ ਹੋਰ ਕੰਮ ਵੀ ਕੀਤੇ ਜਾ ਸਕਦੇ ਹਨ।
ਵਰਚੁਅਲ ਆਈ. ਡੀ. ਬਾਇਓਮੀਟਰਿਕਸ ਨਾਲ 16 ਅੰਕਾਂ ਵਾਲਾ ਨੰਬਰ ਹੋਵੇਗਾ। ਇਸ ਰਾਹੀਂ ਮੋਬਾਇਲ ਕੰਪਨੀ ਜਾਂ ਕਿਸੇ ਹੋਰ ਅਧਿਕਾਰਤ ਏਜੰਸੀ ਨੂੰ ਖਪਤਕਾਰ ਦਾ ਨਾਂ, ਪਤਾ ਅਤੇ ਫੋਟੋ ਮਿਲ ਜਾਵੇਗੀ ਜੋ ਪੁਸ਼ਟੀ ਲਈ ਚੋਖੀ ਹੈ। ਅਧਿਕਾਰੀਆਂ ਨੇ ਦਸਿਆ ਕਿ ਕੋਈ ਵੀ ਕਾਰਡ ਹੋਲਡਰ ਜਿੰਨੀਆਂ ਮਰਜ਼ੀ ਵਰਚੁਅਲ ਆਈ. ਡੀ. ਬਣਾ ਸਕਦਾ ਹੈ।
ਨਵੀਂ ਵਰਚੁਅਲ ਆਈ. ਡੀ. ਬਣਾਉਂਦੇ ਹੀ ਪੁਰਾਣੀ ਆਪਣੇ ਆਪ ਰੱਦ ਹੋ ਜਾਵੇਗੀ। ਪੁਸ਼ਟੀ ਲਈ ਆਧਾਰ ਦੀ ਵਰਤੋਂ ਕਰਨ ਵਾਲੀਆਂ ਸਭ ਏਜੰਸੀਆਂ ਲਈ ਵਰਚੁਅਲ ਆਈ. ਡੀ. ਪ੍ਰਵਾਨ ਕਰਨਾ 1 ਜੂਨ 2018 ਤੋਂ ਜ਼ਰੂਰੀ ਹੋ ਜਾਵੇਗਾ। ਇਸ ਦਾ ਪਾਲਣ ਨਾ ਕਰਨ ਵਾਲੀਆਂ ਏਜੰਸੀਆਂ ਨੂੰ ਜੁਰਮਾਨਾ ਵੀ ਹੋ ਸਕਦਾ ਹੈ।