ਜਗਦੀਸ਼ ਟਾਈਟਲਰ ਦੀ ਪਟੀਸ਼ਨ ''ਤੇ 29 ਨਵੰਬਰ ਨੂੰ ਸੁਣਵਾਈ ਕਰੇਗਾ ਹਾਈ ਕੋਰਟ

Tuesday, Oct 01, 2024 - 02:59 PM (IST)

ਜਗਦੀਸ਼ ਟਾਈਟਲਰ ਦੀ ਪਟੀਸ਼ਨ ''ਤੇ 29 ਨਵੰਬਰ ਨੂੰ ਸੁਣਵਾਈ ਕਰੇਗਾ ਹਾਈ ਕੋਰਟ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਗਦੀਸ਼ ਟਾਈਟਲਰ ਦੀ ਉਸ ਪਟੀਸ਼ਨ 'ਚ 29 ਨਵੰਬਰ ਨੂੰ ਸੁਣਵਾਈ ਕਰੇਗਾ। ਜਿਸ 'ਚ ਕਾਂਗਰਸ ਆਗੂ ਨੇ 1984 ਸਿੱਖ ਵਿਰੋਧੀ ਦੰਗਿਆਂ ਦੌਰਾਨ ਉੱਤਰੀ ਦਿੱਲੀ ਦੇ ਪੁਲ ਬੰਗਸ਼ ਇਲਾਕੇ 'ਚ ਤਿੰਨ ਲੋਕਾਂ ਦੇ ਕਤਲ ਨਾਲ ਸੰਬੰਧਤ ਇਕ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਕਤਲ ਅਤੇ ਹੋਰ ਅਪਰਾਧਾਂ ਲਈ ਦੋਸ਼ ਤੈਅ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਮਨੋਜ ਕੁਮਾਰ ਓਹਰੀ ਨੇ ਮਾਮਲੇ ਦੀ ਸੰਖੇਪ ਸੁਣਵਾਈ ਤੋਂ ਬਾਅਦ ਟਾਈਟਲਰ ਦੇ ਵਕੀਲ ਨੂੰ ਕੁਝ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਕਿਹਾ ਜੋ ਰਿਕਾਰਡ 'ਚ ਨਹੀਂ ਹਨ। ਇਸ ਤੋਂ ਬਾਅਦ ਹਾਈਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 29 ਨਵੰਬਰ ਤੈਅ ਕੀਤੀ। ਟਾਈਟਲਰ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਉਹ 'ਬਦਲੇ ਦੀ ਰਾਜਨੀਤੀ' ਦਾ ਸ਼ਿਕਾਰ ਹੋਏ ਹਨ ਅਤੇ ਦਲੀਲ ਦਿੱਤੀ ਕਿ ਉਸ ਵਿਰੁੱਧ ਦੋਸ਼ ਤੈਅ ਕਰਨ ਵਾਲੀ ਅਧੀਨ ਅਦਾਲਤ ਦਾ ਹੁਕਮ 'ਗੈਰ-ਕਾਨੂੰਨੀ' ਸੀ। ਪਟੀਸ਼ਨ 'ਚ ਕਿਹਾ ਗਿਆ ਹੈ,''ਅਧੀਨ ਅਦਾਲਤ ਨੇ ਸਥਾਪਿਤ ਸਿਧਾਂਤਾਂ ਦੀ ਅਣਦੇਖੀ ਕਰਦੇ ਹੋਏ ਪਟੀਸ਼ਨਕਰਤਾ ਖ਼ਿਲਾਫ਼ ਗਲਤ ਤਰੀਕੇ ਨਾਲ ਦੋਸ਼ ਤੈਅ ਕੀਤੇ ਹਨ।''

ਸੁਣਵਾਈ ਦੌਰਾਨ ਟਾਈਟਲਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਘਟਨਾ ਦੇ ਸਮੇਂ ਉਹ ਮੌਕੇ 'ਤੇ ਮੌਜੂਦ ਨਹੀਂ ਸਨ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਵਕੀਲ ਅਤੇ ਪੀੜਤਾਂ ਨੇ ਪਟੀਸ਼ਨ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪਟੀਸ਼ਨ 'ਤੇ ਪਹਿਲਾਂ ਹੀ ਫ਼ੈਸਲਾ ਹੋ ਚੁੱਕਿਆ ਹੈ ਅਤੇ ਹਾਈ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ। ਆਪਣੀ ਪਟੀਸ਼ਨ 'ਚ ਟਾਈਟਲਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਲੱਗੇ ਦੋਸ਼ਾਂ ਦੀ ਪੁਸ਼ਟੀ ਕਰਨ ਲਈ ਕੋਈ ਭਰੋਸੇਯੋਗ ਸਬੂਤ ਨਹੀਂ ਹੈ ਅਤੇ ਅਧੀਨ ਅਦਾਲਤ ਦਾ ਆਦੇਸ਼ ਗਲਤ ਹੈ, ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਪਟੀਸ਼ਨਕਰਤਾ ਨੂੰ ਤੰਗਾ ਕਰਨ ਅਤੇ ਰਾਜਨੀਤਕ ਬਦਲੇ ਦਾ ਇਕ ਮਾਮਲਾ ਹੈ, ਜਿਸ 'ਚ ਚਾਰ ਦਹਾਕੇ ਤੋਂ ਵੀ ਪਹਿਲੇ ਦੇ ਅਪਰਾਧ ਲਈ ਉਨ੍ਹਾਂ ਨੂੰ ਹੁਣ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।'' ਟਾਈਟਲਰ ਨੇ ਕਿਹਾ ਕਿ ਉਹ 80 ਦੇ ਹਨ ਅਤੇ ਦਿਲ ਰੋਗ ਤੇ ਸ਼ੂਗਰ ਸਮੇਤ ਕਈ ਬੀਮਾਰੀਆਂ ਨਾਲ ਪੀੜਤ ਹਨ। ਉਨ੍ਹਾਂ ਨੇ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਦੋਸ਼ ਤੈਅ ਕਰਨ ਦੇ ਨਿਰਦੇਸ਼ ਦੇਣ ਵਾਲੇ ਅਧੀਨ ਅਦਾਲਤ ਦੇ 30 ਅਗਸਤ ਦੇ ਆਦੇਸ਼ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਅਧੀਨ ਅਦਾਲਤ ਨੇ 13 ਸਤੰਬਰ ਨੂੰ ਰਸਮੀ ਰੂਪ ਨਾਲ ਟਾਈਟਲਰ ਖ਼ਿਲਾਫ਼ ਦੋਸ਼ ਤੈਅ ਕੀਤੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News