ਦਿ ਗ੍ਰੇਟ ਖਲੀ ਦੀ ਜ਼ਮੀਨ 'ਤੇ ਹੋ ਗਿਆ ਕਬਜ਼ਾ ! ਤਹਿਸੀਲਦਾਰ 'ਤੇ ਲੱਗੇ ਗੰਭੀਰ ਇਲਜ਼ਾਮ

Saturday, Dec 06, 2025 - 04:09 PM (IST)

ਦਿ ਗ੍ਰੇਟ ਖਲੀ ਦੀ ਜ਼ਮੀਨ 'ਤੇ ਹੋ ਗਿਆ ਕਬਜ਼ਾ ! ਤਹਿਸੀਲਦਾਰ 'ਤੇ ਲੱਗੇ ਗੰਭੀਰ ਇਲਜ਼ਾਮ

ਵੈਬ ਡੈਸਕ: ਦੁਨੀਆਂ 'ਚ 'ਦਿ ਗ੍ਰੇਟ ਖਲੀ' ਦੇ ਨਾਮ ਨਾਲ ਜਾਣੇ ਜਾਂਦੇ ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਦੇ ਰੈਸਲਰ ਗ੍ਰੇਟ ਖਲੀ ਦੀ ਜ਼ਮੀਨ 'ਚ ਹੇਰਾ-ਫੇਰੀ ਕਰਨ ਦਾ ਇਕ ਨਵਾਂ ਵਿਵਾਦ ਛਿੜ ਗਿਆ ਹੈ। ਦਰਅਸਲ ਸ਼ੁੱਕਰਵਾਰ ਨੂੰ ਸੂਰਜਪੁਰ ਦੀਆਂ ਕੁਝ ਔਰਤਾਂ ਦ ਗ੍ਰੇਟ ਖਲੀ ਦੇ ਨਾਲ ਨਾਹਨ ਪਹੁੰਚੀਆਂ ਅਤੇ ਡਿਪਟੀ ਕਮਿਸ਼ਨਰ ਸਿਰਮੌਰ ਪ੍ਰਿਅੰਕਾ ਵਰਮਾ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮੌਕੇ ਡਿਪਟੀ ਕਮਿਸ਼ਨਰ ਤੋਂ ਨਿਰਪੱਖ ਕਾਰਵਾਈ ਕਰਨ ਦੀ ਮੰਗ ਕੀਤੀ।

ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਲਾਕੇ ਦੇ ਤਹਿਸੀਲਦਾਰ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ 38 ਵਿੱਘੇ ਜ਼ਮੀਨ 'ਤੇ ਹੇਰਾ-ਫੇਰੀ ਕਰਕੇ ਨਜ਼ਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਜ਼ਮੀਨ 'ਤੇ ਪੰਜ ਦਹਾਕਿਆਂ ਤੋਂ ਰਹਿ ਰਹੇ ਹਨ। ਪਰ ਹੁਣ ਉਨ੍ਹਾਂ 'ਤੇ ਇਹ ਜ਼ਮੀਨ ਖਾਲੀ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਮਿਲੀ-ਭੁਗਤ ਕਰਕੇ ਜ਼ਮੀਨ 'ਤੇ ਕਬਜ਼ਾ ਕਰਨ ਲਈ ਨਜ਼ਾਇਜ਼ ਹੱਥਕੰਡੇ ਅਪਣਾ ਕੇ ਉਨ੍ਹਾਂ ਦੀ ਜ਼ਮੀਨ ਹੜੱਪਣਾ ਚਾਹੁੰਦੇ ਹਨ। ਤਹਿਸੀਲਦਾਰ ਅਤੇ ਮਾਲੀਆ ਅਧਿਕਾਰੀ ਕੁਝ ਨਿੱਜੀ ਵਿਅਕਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਜਾਣ-ਬੁੱਝ ਕੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਮਾਲੀਆ ਰਿਕਾਰਡ 'ਚ ਛੇੜ-ਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਉਨ੍ਹਾਂ ਕੋਲ ਜ਼ਮੀਨ ਸੰਬੰਧੀ ਕੁਝ ਜ਼ਰੂਰੀ ਦਸਤਾਵੇਜ਼ ਹਨ, ਜਿਨ੍ਹਾਂ ਨੂੰ ਲੋੜ ਪੈਣ ਤੇ ਪੇਸ਼ ਕੀਤਾ ਜਾਵੇਗਾ।

 ਤਹਿਸੀਲਦਾਰ ਨੇ ਦੋਸ਼ਾਂ ਨੂੰ ਨਕਾਰਿਆ
ਪਾਉਂਟਾ ਸਾਹਿਬ ਦੇ ਤਹਿਸੀਲਦਾਰ ਰਿਸ਼ਭ ਸ਼ਰਮਾ ਨੇ ਦੱਸਿਆ ਕਿ ਦਲੀਪ ਸਿੰਘ ਉਰਫ ਰਾਣਾ ਗ੍ਰੇਟ ਖਲੀ ਅਤੇ ਔਰਤਾਂ ਵੱਲੋਂ ਉਨ੍ਹਾਂ ਉਪਰ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਜਿਸ ਜ਼ਮੀਨ 'ਤੇ ਖਲੀ ਅਤੇ ਔਰਤਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ, ਦਰਅਸਲ ਇਹ ਜ਼ਮੀਨ ਉਨ੍ਹਾਂ ਦੀ ਨਹੀਂ ਹੈ। ਇਸ ਜ਼ਮੀਨ 'ਤੇ ਮਾਲੀਆ ਵਿਭਾਗ ਵੱਲੋਂ ਕੋਈ ਜ਼ਬਰਦਸਤੀ ਕਬਜ਼ਾ ਨਹੀਂ ਕੀਤਾ ਜਾ ਰਿਹਾ, ਸਗੋਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰੇਟ ਖਲੀ ਨੇ ਜ਼ਮੀਨ ਸੂਰਜਪੁਰ 'ਚ ਭੂਮੀ ਖਾਤਾ ਨੰਬਰ 8 'ਚ ਖਰੀਦੀ ਹੈ ਜਦਕਿ ਇਸਦੇ ਨਾਲ ਲੱਗਦੀ 38 ਵਿੱਘੇ ਜ਼ਮੀਨ ਭੂਮੀ ਖਾਤਾ ਨੰਬਰ 6 'ਚ ਆਉਂਦੀ ਹੈ।

ਉਨ੍ਹਾਂ ਕਿਹਾ ਕਿ ਗ੍ਰੇਟ ਖਲੀ ਨੇ ਇਸ ਜ਼ਮੀਨ 'ਤੇ ਕੋਈ ਨਿਸ਼ਾਨਦੇਹੀ ਨਹੀਂ ਕਰਵਾਈ ਅਤੇ ਨਾ ਹੀ ਸਿਵਲ ਕੋਰਟ 'ਚ ਕੋਈ ਸਟੇਅ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਖਲੀ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਂਦੇ ਹਨ ਤਾਂ ਇਸ ਨਾਲ ਅਸਲੀਅਤ ਸਾਹਮਣੇ ਆ ਜਾਵੇਗੀ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।


author

DILSHER

Content Editor

Related News