ਬੰਗਾਲ ਦੇ ਰਾਜਪਾਲ ਨੇ ਸੂਬਾਈ ਚੋਣ ਕਮਿਸ਼ਨਰ ਦਾ ਜੁਆਇਨਿੰਗ ਲੈਟਰ ਮੋੜਿਆ, ਜਾਣੋ ਪੂਰਾ ਮਾਮਲਾ

Friday, Jun 23, 2023 - 12:19 PM (IST)

ਬੰਗਾਲ ਦੇ ਰਾਜਪਾਲ ਨੇ ਸੂਬਾਈ ਚੋਣ ਕਮਿਸ਼ਨਰ ਦਾ ਜੁਆਇਨਿੰਗ ਲੈਟਰ ਮੋੜਿਆ, ਜਾਣੋ ਪੂਰਾ ਮਾਮਲਾ

ਕੋਲਕਾਤਾ, (ਯੂ. ਐੱਨ. ਆਈ.)- ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਨੇ ਇਕ ਜ਼ਬਰਦਸਤ ਕਦਮ ਚੁੱਕਦੇ ਹੋਏ ਸੂਬਾਈ ਚੋਣ ਕਮਿਸ਼ਨਰ ਰਾਜੀਵ ਸਿਨ੍ਹਾ ਦਾ ‘ਜੁਆਇਨਿੰਗ ਲੈਟਰ ਕਥਿਤ ਤੌਰ ’ਤੇ ਮੋੜ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਆਉਂਦੀ 8 ਜੁਲਾਈ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਲਈ ਕੇਂਦਰੀ ਬਲਾਂ ਦੀ ਤਾਇਨਾਤੀ ’ਤੇ ਅਸਹਿਮਤੀ ਦੇ ਬਾਅਦ ਰਾਜਪਾਲ ਨੇ ਸਿਨ੍ਹਾ ਦਾ ‘ਜੁਆਇਨਿੰਗ ਲੈਟਰ ਮੋੜ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਚੋਣ ਕਮਿਸ਼ਨਰ ਦੇ ਮੁਖੀ ਦੇ ਅਹੁਦੇ ’ਤੇ ਬਣੇ ਰਹਿਣ ’ਤੇ ਸਵਾਲ ਖੜ੍ਹੇ ਹੋ ਗਏ ਹਨ। ਸਿਨ੍ਹਾ ਨੇ ਹਾਲਾਂਕਿ ਅਜਿਹੀ ਕੋਈ ਸੂਚਨਾ ਮਿਲਣ ਤੋਂ ਨਾਂਹ ਕੀਤੀ ਹੈ।

ਰਿਪੋਰਟ ਮੁਤਾਬਕ ਇਕ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੈ ਕਿ ਅੱਗੇ ਕੀ ਹੋ ਸਕਦਾ ਹੈ। ਅਤੀਤ ’ਚ ਅਜਿਹਾ ਕੁਝ ਵੀ ਨਹੀਂ ਹੋਇਆ, ਜਦੋਂ ਕਿਸੇ ਰਾਜਪਾਲ ਨੇ ਇਕ ਚੋਣ ਪੈਨਲ ਮੁਖੀ ਦੀ ਨਿਯੁਕਤੀ ਪਿੱਛੋਂ ਉਸ ਦੇ ਜੁਆਇਨਿੰਗ ਲੈਟਰ ਨੂੰ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ ਹੋਵੇ।’’ ਸੂਤਰਾਂ ਨੇ ਦੱਸਿਆ ਕਿ ਰਾਜਪਾਲ ਬੀਤੇ ਸ਼ਨੀਵਾਰ ਨੂੰ ਰਾਜਭਵਨ ਦੇ ਸੰਮਨ ਦਾ ਜਵਾਬ ਨਾ ਦੇਣ ਕਾਰਨ ਸੂਬਾਈ ਚੋਣ ਕਮਿਸ਼ਨਰ ਤੋਂ ਬਹੁਤ ਨਾਰਾਜ਼ ਸਨ।

ਚੋਣ ਪੈਨਲ ਮੁਖੀ ਨੇ ਹਾਲਾਂਕਿ ਉਸੇ ਦਿਨ ਰਾਜਪਾਲ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਬਾਅਦ ’ਚ ਮਿਲਣਗੇ ਕਿਉਂਕਿ ਉਹ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਜਾਂਚ ’ਚ ਰੁਝੇ ਹਨ। ਕਲਕੱਤਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਪ੍ਰਧਾਨਗੀ ਵਾਲੀ ਬੈਂਚ ਵੱਲੋਂ ਪੰਚਾਇਤ ਚੋਣਾਂ ਲਈ ਕੇਂਦਰੀ ਬਲਾਂ ਦੀ ਤਾਇਨਾਤੀ ਦੇ ਅਦਾਲਤੀ ਹੁਕਮ ਦਾ ਪਾਲਣ ਨਾ ਕਰਨ ਲਈ ਚੋਣ ਕਮਿਸ਼ਨਰ ਨੂੰ ਫਟਕਾਰ ਲਾਉਣ ਦੇ ਇਕ ਦਿਨ ਬਾਅਦ ਰਾਜਪਾਲ ਨੇ ਇਹ ਕਦਮ ਚੁੱਕਿਆ ਹੈ। ਅਦਾਲਤ ਨੇ ਕਿਹਾ ਹੈ ਕਿ ਜੇ ਉਹ ਹੁਕਮ ਦਾ ਪਾਲਣ ਨਹੀਂ ਕਰ ਸਕਦੇ ਹਨ ਤਾਂ ਅਹੁਦਾ ਛੱਡ ਸਕਦੇ ਹਨ ਜਾਂ ਰਾਜਪਾਲ ਤੋਂ ਸਲਾਹ ਲੈ ਸਕਦੇ ਹਨ।

ਸੂਬਾਈ ਚੋਣ ਕਮਿਸ਼ਨਰ ਨੂੰ ਸਨਕ ਅਤੇ ਪਸੰਦ ਦੇ ਆਧਾਰ ’ਤੇ ਨਹੀਂ ਹਟਾਇਆ ਜਾ ਸਕਦਾ : ਮਮਤਾ

ਪੱਛਮੀ ਬੰਗਾਲ ਦੇ ਰਾਜਪਾਲ ਵੱਲੋਂ ਸੂਬਾਈ ਚੋਣ ਕਮਿਸ਼ਨਰ ਰਾਜੀਵ ਸਿਨ੍ਹਾ ਦਾ ਜੁਆਇਨਿੰਗ ਲੈਟਰ ਮੋੜਣ ਪਿੱਛੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਹਟਾਉਣ ਦੀ ਸੰਭਾਵਨਾ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਸਨਕ ਅਤੇ ਪਸੰਦ ਦੇ ਆਧਾਰ ’ਤੇ ਨਹੀਂ ਹਟਾਇਆ ਜਾ ਸਕਦਾ। ਬੈਨਰਜੀ ਨੇ ਕਿਹਾ ਕਿ ਸਿਨ੍ਹਾ ਨੂੰ ਇੰਝ ਹੀ ਨਹੀਂ ਹਟਾਇਆ ਜਾ ਸਕਦਾ। ਰਾਜਪਾਲ ਦੀ ਮਨਜ਼ੂਰੀ ਦੇ ਬਾਅਦ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਨੂੰ ਇਕ ਝਟਕੇ ਚ ਨਹੀਂ ਹਟਾਇਆ ਜਾ ਸਕਦਾ। ਮਹਾਦੋਸ਼ ਰਾਹੀਂ ਜੱਜਾਂ ਨੂੰ ਹਟਾਣ ਵਾਂਗ ਹੀ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਕਾਫੀ ਉਬਾਊ ਹੈ।


author

Rakesh

Content Editor

Related News