ਕਿਸਾਨਾਂ ਲਈ ਰਾਹਤ ਦੀ ਖ਼ਬਰ, ਸਰਕਾਰ ਨੇ ਖਾਦਾਂ 'ਤੇ ਸਬਸਿਡੀ ਵਧਾਈ
Wednesday, Apr 27, 2022 - 06:43 PM (IST)
ਨਵੀਂ ਦਿੱਲੀ-ਸਰਕਾਰ ਨੇ ਸਾਲ 2022 ਦੇ ਸਾਉਣੀ ਸੀਜ਼ਨ ਲਈ ਫਾਸਫੇਟ ਅਤੇ ਪੋਟਾਸ਼ ਆਧਾਰਿਤ ਖਾਦ 'ਤੇ ਸਬਸਿਡੀ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਕਿਸਾਨਾਂ ਨੂੰ ਖਾਦ ਖਰੀਦਣ ਲਈ ਵਾਧੂ ਲਾਗਤ ਨਾ ਲਾਉਣੀ ਪਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਅੱਜ ਇਥੇ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੋਰੋਨਾ ਇਨਫੈਕਟਿਡ, ਖੁਦ ਨੂੰ ਕੀਤਾ ਆਈਸੋਲੇਟ
ਸੂਚਨਾ ਪ੍ਰਸਾਰਣ, ਖੇਡ ਅਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮੰਤਰੀ ਮੰਡਲ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਦੁਨੀਆ ਭਰ 'ਚ ਕੱਚੇ ਮਾਲ ਦੀਆਂ ਕੀਮਤਾਂ 'ਤੇ ਕਰੀਬ 80 ਫੀਸਦੀ ਤੱਕ ਵਾਧੇ ਨਾਲ ਖਾਦ ਦੀ ਸਪਲਾਈ ਲੜੀ 'ਚ ਵਿਘਨ ਪਿਆ ਹੈ। ਕੀਮਤ ਵਧਣ ਕਾਰਨ ਕਿਸਾਨਾਂ 'ਤੇ ਕੋਈ ਮਾੜਾ ਪ੍ਰਭਾਵ ਨਾ ਪਵੇ, ਇਸ ਨੂੰ ਦੇਖਦੇ ਹੋਏ ਸਰਕਾਰ ਨੇ ਸਬਸਿਡੀ ਇਸ ਤਰ੍ਹਾਂ ਵਧਾਈ ਹੈ ਜਿਸ ਨਾਲ ਉਨ੍ਹਾਂ ਨੂੰ ਵਾਧੂ ਕੀਮਤ ਨਾ ਦੇਣੀ ਪਵੇ ਅਤੇ ਪੁਰਾਣੀ ਕੀਮਤ 'ਤੇ ਹੀ ਖਾਦ ਮਿਲ ਸਕੇ।
ਇਹ ਵੀ ਪੜ੍ਹੋ : ਆਪਣੇ ਸੂਬੇ ਲਈ ਸਾਨੂੰ ਹੋਰ ਸੂਬਿਆਂ ਜਾਂ ਦੇਸ਼ਾਂ 'ਚ ਵੀ ਜਾਣਾ ਪਿਆ ਤਾਂ ਜ਼ਰੂਰ ਜਾਵਾਂਗੇ : ਭਗਵੰਤ ਮਾਨ
ਠਾਕੁਰ ਨੇ ਕਿਹਾ ਕਿ ਇਕ ਅਪ੍ਰੈਲ ਤੋਂ 30 ਸਤੰਬਰ ਤੱਕ ਸਾਉਣੀ ਸੀਜ਼ਨ 'ਚ ਸਰਕਾਰ ਨੇ ਪਿਛਲੇ ਸਾਲ ਦੇ 29 ਹਜ਼ਾਰ 426 ਕਰੋੜ ਰੁਪਏ ਦੀ ਤੁਲਨਾ 'ਚ 60 ਹਜ਼ਾਰ 939.23 ਕਰੋੜ ਰੁਪਏ ਦੀ ਸਬਸਿਡੀ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਸਾਲ 2021-22 'ਚ ਪੂਰੇ ਸਾਲ ਲਈ 57 ਹਜ਼ਾਰ 150 ਕਰੋੜ ਰੁਪਏ ਸਬਸਿਡੀ ਲਈ ਦਿੱਤੇ ਸਨ। ਉਨ੍ਹਾਂ ਕਿਹਾ ਕਿ ਡੀ.ਏ.ਪੀ. ਖਾਦ ਲਈ ਸਾਲ 2020-21 'ਚ ਇਕ ਬੋਰੀ 'ਤੇ 512 ਰੁਪਏ ਅਤੇ ਮੌਜੂਦਾ ਸਮੇਂ 'ਚ 1650 ਰੁਪਏ ਦੀ ਸਬਸਿਡੀ ਮਿਲਦੀ ਹੈ। ਇਹ ਹੁਣ 2501 ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਖਾਦ ਦੀ ਸਪਲਾਈ ਲਗਾਤਾਰ ਅਤੇ ਨਿਰਵਿਘਣ ਬਣਾਏ ਰੱਖਣ ਅਤੇ ਕੱਚੇ ਮਾਲ ਦੀ ਲਾਗਤ ਵਧਾਉਣ ਦੇ ਕਾਰਨ ਕੀਮਤਾਂ 'ਚ ਵਾਧੇ ਦਾ ਬੋਝ ਕਿਸਾਨਾਂ 'ਤੇ ਨਾ ਪੈਣ ਦੇਣ ਲਈ ਦ੍ਰਿੜ ਸੰਕਲਪ ਹੈ।
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ