‘ਸਰਕਾਰ ਪਹਿਲਾਂ ਤੋਂ ਹੀ ਜਾਣਦੀ ਸੀ, ਸਾਹਮਣੇ ਆਏਗਾ ਪੇਗਾਸਸ ਮਾਮਲਾ’

08/06/2021 11:53:52 AM

ਨਵੀਂ ਦਿੱਲੀ– ਰਾਸ਼ਟਰੀ ਸਵੈਮ ਸੇਵਕ ਸੰਘ ਦੇ ਇਕ ਵੱਡੇ ਨੇਤਾ ਦਾ ਕਹਿਣਾ ਹੈ ਕਿ ਅੱਜ ਕੱਲ ਖੁਸ਼ੀ ਦਾ ਮਾਹੌਲ ਨਹੀਂ ਹੈ। ਉਨ੍ਹਾਂ ਇਹ ਨਹੀਂ ਦੱਸਿਆ ਕਿ ਉਨ੍ਹਾਂ ਦਾ ਇਸ ਗੱਲ ਤੋਂ ਮਤਲਬ ਕੀ ਹੈ ਪਰ ਜਾਣਕਾਰ ਇਸ ਬਿਆਨ ਨੂੰ ਭਾਜਪਾ ਤੇ ਸੰਘ ਵਿਚਾਲੇ ਦੂਰੀ ਦੇ ਸੰਕੇਤ ਦੇ ਰੂਪ ’ਚ ਦੇਖ ਰਹੇ ਹਨ। ਸਰਕਾਰ ਨਾਗਰਿਕਤਾ ਸੋਧ ਕਾਨੂੰਨ ਅਤੇ ਖੇਤੀ ਕਾਨੂੰਨਾਂ ਤੋਂ ਪੈਦਾ ਹੋਏ ਘਟਨਾਕ੍ਰਮਾਂ ਨਾਲ ਜਿਸ ਤਰ੍ਹਾਂ ਨਾਲ ਨਜਿੱਠੀ ਹੈ, ਉਸ ਤੋਂ ਸੰਘ ਖੁਸ਼ ਨਹੀਂ ਹੈ। ਸੰਘ ਚਾਹੁੰਦਾ ਹੈ ਕਿ ਕਿਸਾਨਾਂ ਨਾਲ ਗੱਲਬਾਤ ਚੱਲਣੀ ਚਾਹੀਦੀ ਸੀ। ਹਾਲ ਹੀ ’ਚ ਕੀਤੇ ਗਏ ਕੈਬਨਿਟ ਵਾਧੇ ਨਾਲ ਵੀ ਦੋਵਾਂ ’ਚ ਦੂਰੀ ਵਧੀ ਹੈ ਕਿਉਂਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਐੱਮ. ਐੱਸ.ਐੱਮ. ਈ. ਮੰਤਰਾਲਾ ਲੈ ਕੇ ਉਨ੍ਹਾਂ ਦੇ ਪਰ ਕੁਤਰ ਦਿੱਤੇ ਗਏ ਹਨ। ਮੰਤਰੀ ਮੰਡਲ ਵਾਧੇ ’ਚ ਨਵੇਂ ਮੰਤਰੀਆਂ ਨੂੰ ਸ਼ਾਮਲ ਕਰਵਾਉਣ ਨੂੰ ਲੈ ਕੇ ਸੰਘ ਨੇ ਜੋ ਸਿਫਾਰਿਸ਼ਾਂ ਕੀਤੀਆਂ ਸਨ, ਉਨ੍ਹਾਂ ’ਚੋਂ ਜ਼ਿਆਦਾਤਰ ’ਤੇ ਧਿਆਨ ਨਹੀਂ ਦਿੱਤਾ ਗਿਆ।

ਸੰਘ ਮੁਖੀ ਮੋਹਨ ਭਾਗਵਤ ਦਾ ਇਹ ਬਿਆਨ ਕਿ ਸਰਕਾਰ ਅਤੇ ਸਮਾਜ ਦੋਵਾਂ ਨੂੰ ਕੋਰੋਨਾ ਮਹਾਮਾਰੀ ਤੋਂ ਸਬਕ ਲੈਣਾ ਪਵੇਗਾ, ਸਿੱਧੇ ਤੌਰ ’ਤੇ ਸਰਕਾਰ ਦੀ ਆਲੋਚਨਾ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਪੇਗਾਸਸ ਟੈਲੀਫੋਨ ਟੈਪਿੰਗ ਕਾਂਡ, ਜਿਸ ਨੇ ਸਾਰੀ ਦੁਨੀਆ ਦੀਆਂ ਸਰਕਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਨੇ ਇਸ ਦੂਰੀ ਨੂੰ ਹੋਰ ਵਧਾ ਦਿੱਤਾ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਸੰਘ ਦੇ ਸੀਨੀਅਰ ਤੇ ਹੋਰ ਅਹੁਦੇਦਾਰਾਂ ਦੇ ਫੋਨ ਵੀ ਟੈਪ ਹੋਏ ਸਨ। ਇਹ ਵੀ ਪਤਾ ਲੱਗਾ ਹੈ ਕਿ ਜੁਲਾਈ ਦੇ ਦੂਜੇ ਹਫਤੇ ’ਚ ਜਦ ਚਿਤਰਕੂਟ ’ਚ ਸੰਘ ਦੀ ਪ੍ਰਤੀਨਿਧੀ ਸਭਾ ਹੋਈ ਸੀ, ਉਸ ’ਚ ਸਰਕਾਰ ਵੱਲੋਂ ਇਕ ਉੱਚ ਅਧਿਕਾਰੀ ਨੂੰ ਭੇਜਿਆ ਗਿਆ ਸੀ। ਇਹ ਬੈਠਕ ਮਹੱਤਵਪੂਰਨ ਸੀ ਤੇ 18 ਜੁਲਾਈ ਨੂੰ ਪੇਗਾਸਸ ਮਾਮਲਾ ਸਾਹਮਣੇ ਆਉਣ ਤੋਂ ਕਾਫੀ ਪਹਿਲਾਂ ਹੋਈ ਸੀ। ਇਸ ਅਧਿਕਾਰੀ ਨੇ ਮੋਹਨ ਭਾਗਵਤ ਨਾਲ ਲੰਬੀ ਗੱਲਬਾਤ ਕੀਤੀ ਸੀ। ਉਸ ਗੱਲਬਾਤ ’ਚ ਕੀ ਹੋਇਆ, ਇਹ ਪਤਾ ਨਹੀਂ ਲੱਗ ਸਕਿਆ ਹੈ। ਇਸ ਦੌਰਾਨ ਭਾਜਪਾ ਨੇਤਾ ਸੁਬਰਾਮਣਿਅਮ ਸਵਾਮੀ ਨੇ 18 ਜੁਲਾਈ ਨੂੰ ਇਕ ਟਵੀਟ ਕੀਤਾ ਸੀ ਕਿ ਪ੍ਰਧਾਨ ਮੰਤਰੀ ਦੀ ਮੰਤਰੀ ਪ੍ਰੀਸ਼ਦ ਦੇ ਮੰਤਰੀਆਂ, ਸੰਘ ਅਹੁਦੇਦਾਰਾਂ ਅਤੇ ਹੋਰਨਾਂ ਦੇ ਫੋਨ ਟੈਪਿੰਗ ਹੋਣ ਦਾ ਖੁਲਾਸਾ ਛੇਤੀ ਕੀਤਾ ਜਾਵੇਗਾ। ਇਸ ਤੋਂ ਸਪਸ਼ਟ ਹੈ ਕਿ ਇਸ ਉੱਚ ਅਧਿਕਾਰੀ ਨੂੰ ਪਹਿਲਾਂ ਤੋਂ ਹੀ ਸਥਿਤੀ ਸੰਭਾਲਣ ਲਈ ਭੇਜਿਆ ਗਿਆ ਸੀ ਕਿਉਂਕਿ ਸਰਕਾਰ ਪਹਿਲਾਂ ਤੋਂ ਜਾਣਦੀ ਸੀ ਕਿ ਅਜਿਹਾ ਕਾਂਡ ਸਾਹਮਣੇ ਆਉਣ ਵਾਲਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਉਦੋਂ ਤੋਂ ਦੂਰੀ ਹੋਰ ਵਧੀ ਹੈ।


Rakesh

Content Editor

Related News