ਕੁੜੀ ਨੇ ਲਗਾਈ ਖੁਦ ਨੂੰ ਅੱਗ, ਢਾਈ ਘੰਟੇ ਤਮਾਸ਼ਾ ਦੇਖਦੀ ਰਹੀ ਪੁਲਸ
Sunday, Oct 06, 2019 - 01:24 PM (IST)

ਮੰਦਸੌਰ— ਮੱਧ ਪ੍ਰਦੇਸ਼ ਦੇ ਮੰਦਸੌਰ 'ਚ 22 ਸਾਲ ਦੀ ਕੁੜੀ ਨੇ ਆਤਮਦਾਹ ਕਰ ਲਿਆ। ਦੋਸ਼ ਹੈ ਕਿ ਭਾਵਗੜ੍ਹ ਥਾਣੇ ਦੇ ਇੰਚਾਰਜ ਅਤੇ 6 ਸਿਪਾਹੀ ਕੁੜੀ ਨੂੰ ਅੱਗ 'ਚ ਸੜਦਾ ਦੇਖਦੇ ਰਹੇ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮ੍ਰਿਤਕਾ ਦੇ ਪਿਤਾ ਦੇ ਦੋਸ਼ ਅਨੁਸਾਰ ਕੁੜੀ ਕਰੀਬ ਢਾਈ ਘੰਟੇ ਸੜਦੀ ਰਹੀ ਪਰ ਭਾਵਗੜ੍ਹ ਪੁਲਸ ਚੌਕੀ ਦੇ ਇੰਚਾਰਜ ਅਤੇ ਉਨ੍ਹਾਂ ਦੇ ਸਿਪਾਹੀ ਫੋਰੈਂਸਿਕ ਟੀਮ ਦਾ ਇੰਤਜ਼ਾਰ ਕਰਦੇ ਰਹੇ ਅਤੇ ਉਸ ਨੂੰ ਸੜਦਾ ਦੇਖਦੇ ਰਹੇ। ਹਾਲਾਂਕਿ ਮੰਦਸੌਰ ਦੇ ਐੱਸ.ਪੀ. ਹਿਤੇਸ਼ ਚੌਧਰੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਪੁਲਸ ਦਾ ਕਹਿਣਾ ਹੈ ਕਿ ਪੁਲਸ ਦੇ ਮੌਕੇ 'ਤੇ ਪੁੱਜਣ ਤੋਂ ਪਹਿਲਾਂ ਹੀ ਕੁੜੀ ਦੀ ਮੌਤ ਹੋ ਚੁਕੀ ਸੀ। ਐੱਸ.ਪੀ. ਨੇ ਕਿਹਾ ਕਿ ਮਾਮਲੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਪੁਲਸ ਅਤੇ ਕੁੜੀ ਦੇ ਘਰ ਵਾਲਿਆਂ ਨੇ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉੱਥੇ ਹੀ ਕੁੜੀ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਪੁਲਸ ਦੇ ਮੌਕੇ 'ਤੇ ਪਹੁੰਚਣ ਦੌਰਾਨ ਉਹ ਜਿਉਂਦੀ ਸੀ ਅਤੇ ਉਸ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਨੇ ਕਿਹਾ,''ਮੇਰੀ ਬੱਚੀ ਸੜਦੀ ਰਹੀ ਪਰ ਪੁਲਸ ਕਰਮਚਾਰੀਆਂ ਨੇ ਅੱਗ ਨਹੀਂ ਬੁਝਾਈ।''
ਮ੍ਰਿਤਕਾ ਦੇ ਪਿਤਾ ਅਨੁਸਾਰ ਪੁਲਸ ਫੋਰੈਂਸਿਕ ਟੀਮ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਜਦੋਂ ਟੀਮ ਮੌਕੇ 'ਤੇ ਪਹੁੰਚ ਗਈ, ਉਸ ਤੋਂ ਬਾਅਦ ਸਿਪਾਹੀਆਂ ਨੇ ਉਨ੍ਹਾਂ ਨੂੰ 2 ਬਾਲਟੀ ਪਾਣੀ ਲਿਆ ਕੇ ਅੱਗ ਬੁਝਾਉਣ ਲਈ ਕਿਹਾ। ਮੰਦਸੌਰ ਦੇ ਐੱਸ.ਪੀ. ਚੌਧਰੀ ਨੇ ਪੁਲਸ ਕਰਮਚਾਰੀਆਂ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਪੁਲਸ ਕਰਮਚਾਰੀਆਂ ਵਿਰੁੱਧ ਕੋਈ ਐਕਸ਼ਨ ਨਹੀਂ ਲਿਆ ਜਾਵੇਗਾ।