3 ਸੂਚੀਆਂ ਤੋਂ ਬਾਅਦ ਜਾਰੀ ਹੋਈ ਜਾਅਲੀ ਬਾਬਿਆਂ ਦੀ ਚੌਥੀ ਲਿਸਟ

Tuesday, Apr 03, 2018 - 07:03 PM (IST)

ਇਲਾਹਾਬਾਦ— ਜਾਅਲੀ ਬਾਬਿਆਂ ਦੀਆਂ 3 ਸੂਚੀਆਂ ਤੋਂ ਬਾਅਦ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਚੌਥੀ ਸੂਚੀ ਵੀ ਜਾਰੀ ਕਰ ਦਿੱਤੀ ਹੈ, ਜਿਸ 'ਚ ਕਿਰਿਆ ਯੋਗ ਗੁਰੂ ਯੋਗੀ ਸਤਿਅਮ ਦਾ ਨਾਂ ਵੀ ਸ਼ਾਮਲ ਹੈ।
ਜਾਣਕਾਰੀ ਮੁਤਾਬਕ ਇਲਾਹਾਬਾਦ 'ਚ ਸੋਮਵਾਰ ਨੂੰ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੀ ਇਕ ਵਾਰ ਫਿਰ ਬੈਠਕ ਹੋਈ। ਇਸ ਦੌਰਾਨ 13 ਅਖਾੜਿਆਂ ਦੇ ਪ੍ਰਤੀਨਿਧੀ ਮੌਜੂਦ ਰਹੇ। ਪ੍ਰੀਸ਼ਦ ਦੇ ਪ੍ਰਧਾਨ ਨਰਿੰਦਰ ਗਿਰੀ ਦੀ ਪ੍ਰਧਾਨਗੀ 'ਚ ਬੈਠਕ ਕਰੀਬ 3 ਘੰਟੇ ਤਕ ਚੱਲੀ। ਬੈਠਕ ਤੋਂ ਬਾਅਦ ਗਿਰੀ ਨੇ ਦੱਸਿਆ ਕਿ ਸਰਵਸੰਮਤੀ ਨਾਲ ਪ੍ਰਯਾਗ ਦੇ ਯੋਗੀ ਸਤਿਅਮ ਨੂੰ ਜਾਅਲੀ ਬਾਬਾ ਐਲਾਨ ਕੀਤਾ ਗਿਆ ਹੈ ਅਤੇ ਅੱਗੇ ਵੀ ਫਰਜੀ ਬਾਬਿਆਂ ਦੇ ਨਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।
ਦੱਸ ਦਈਏ ਕਿ ਯੋਗੀ ਸਤਿਅਮ ਦੇਸ਼-ਵਿਦੇਸ਼ 'ਚ ਪ੍ਰਸਿੱਧ ਸੰਤਾਂ 'ਚ ਗਿਣੇ ਜਾਂਦੇ ਹਨ। ਯੋਗੀ ਸਤਿਅਮ ਵਲੋਂ ਇਲਾਹਾਬਾਦ ਦੇ ਝੂੰਸੀ 'ਚ 1983 'ਚ ਯੋਗ ਸਤਸੰਗ ਕਮੇਟੀ ਦੇ ਨਾਂ ਨਾਲ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ, ਜਿਸ ਨੂੰ ਹੁਣ ਕਿਰਿਆ ਯੋਗ ਆਸ਼ਰਮ ਅਤੇ ਖੋਜ ਸੰਸਥਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਯੋਗੀ ਸਤਿਅਮ ਕਿਰਿਆ ਯੋਗ ਫੇਲੋਸ਼ਿਪ ਸੁਸਾਇਟੀ ਦਾ ਵੀ ਸੰਚਾਲਨ ਕਰਦੇ ਹਨ, ਜਦਕਿ ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ 'ਚ ਵੀ ਇੰਨਾ ਦੇ ਆਸ਼ਰਮ ਅਤੇ ਸੰਸਥਾਨ ਦੀਆਂ ਸਾਖਾਵਾਂ ਵੀ ਹਨ।


Related News