ਮਹਾਮਾਰੀ ਦਾ ਪਹਿਲਾ ਦੌਰ ਅਜੇ ਖਤਮ ਨਹੀਂ ਹੋਇਆ : WHO
Tuesday, May 26, 2020 - 08:43 PM (IST)
ਬੈਂਕਾਕ - ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਹੋ ਰਹੇ ਲਗਾਤਾਰ ਵਾਧੇ ਕਾਰਨ ਨਜਿੱਠਣ ਵਿਚ ਬ੍ਰਾਜ਼ੀਲ ਅਤੇ ਭਾਰਤ ਦੇ ਸੰਘਰਸ਼ ਕਰਨ ਵਿਚਾਲੇ ਇਕ ਸੀਨੀਅਰ ਸਿਹਤ ਮਾਹਿਰ ਨੇ ਚਿਤਾਵਨੀ ਦਿੱਤੀ ਹੈ ਕਿ ਵਿਸ਼ਵ ਹੁਣ ਵੀ ਮਹਾਮਾਰੀ ਦੇ ਵਿਚੋਂ-ਵਿਚ ਫਸਿਆ ਹੋਇਆ ਹੈ ਅਤੇ ਇਸ ਨੇ ਗਲੋਬਲ ਅਰਥ ਵਿਵਸਥਾ ਨੂੰ ਤੇਜ਼ੀ ਨਾਲ ਪਟੜੀ 'ਤੇ ਲਿਆਉਣ ਅਤੇ ਅੰਤਰਰਾਸ਼ਟਰੀ ਯਾਤਰਾ ਫਿਰ ਤੋਂ ਸ਼ੁਰੂ ਹੋਣ ਦੀ ਉਮੀਦ ਧੁੰਦਲੀ ਕਰ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੇ ਕਾਰਜਕਾਰੀ ਨਿਦੇਸ਼ਕ ਡਾ. ਮਾਇਕ ਰਿਆਨ ਨੇ ਕਿਹਾ ਕਿ ਅਸੀਂ ਦੂਜੇ ਦੌਰ ਵਿਚ ਨਹੀਂ ਹਾਂ। ਅਸੀਂ ਗਲੋਬਲ ਪੱਧਰ 'ਤੇ ਇਸ ਦੇ ਪਹਿਲੇ ਦੌਰ ਦੇ ਵਿਚੋਂ-ਵਿਚ ਫਸੇ ਹੋਏ ਹਾਂ।
ਉਨ੍ਹਾਂ ਅੱਗੇ ਆਖਿਆ ਕਿ ਵਾਇਰਸ ਦੇ ਮਾਮਲੇ ਵੱਧਣ ਵਾਲੇ ਖੇਤਰ ਵਿਚ ਦੱਖਣੀ ਅਮਰੀਕਾ, ਦੱਖਣੀ ਏਸ਼ੀਆ ਅਤੇ ਹੋਰ ਖਿੱਤਿਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਸੀਂ ਹੁਣ ਵੀ ਇਕ ਅਜਿਹੇ ਦੌਰ ਵਿਚ ਹਾਂ, ਜਿਥੇ ਰੋਗ ਅਸਲ ਵਿਚ ਵੱਧਦਾ ਜਾ ਰਿਹਾ ਹੈ। ਵਾਇਰਸ ਜ਼ਿਆਦਾ ਆਬਾਦੀ ਵਾਲੇ ਖਿੱਤਿਆਂ ਵਿਚ ਤੇਜ਼ੀ ਨਾਲ ਫੈਲਿਆ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਸਰਕਾਰ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕਿਸ ਕਦਰ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਡਬਲਯੂ. ਐਚ. ਓ. ਨੇ ਚਿਤਾਵਨੀ ਦਿੱਤੀ ਹੈ ਕਿ ਅਧਿਕਾਰੀਆਂ ਨੂੰ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਲੋੜੀਂਦੀ ਜਾਂਚ ਕਰਨੀ ਚਾਹੀਦੀ ਹੈ। ਅਮਰੀਕਾ ਸਥਿਤ ਜਾਨਸ ਹਾਪਕਿੰਸ ਯੂਨੀਵਰਸਿਟੀ ਮੁਤਾਬਕ, ਦੁਨੀਆ ਭਰ ਵਿਚ ਵਾਇਰਸ ਤੋਂ 55 ਲੱਖ ਲੋਕ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿਚੋਂ 3.40 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ 2,394,475 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।