ਅੱਤਵਾਦ ਦੇ ਦਮ ’ਤੇ ਤੋੜਨ ਵਾਲੀਆਂ ਸ਼ਕਤੀਆਂ ਦੀ ਹੋਂਦ ਸਥਾਈ ਨਹੀਂ ਹੁੰਦੀ : PM ਮੋਦੀ
Friday, Aug 20, 2021 - 12:46 PM (IST)
ਸੋਮਨਾਥ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਦੇ ਦਮ ’ਤੇ ਤੋੜਨ ਵਾਲੀਆਂ ਸ਼ਕਤੀਆਂ ਭਾਵੇਂ ਹੀ ਕੁਝ ਸਮੇਂ ਲਈ ਹਾਵੀ ਹੋ ਜਾਣ ਪਰ ਉਨ੍ਹਾਂ ਦੀ ਹੋਂਦ ਕਦੇ ਸਥਾਈ ਨਹੀਂ ਹੁੰਦੀ ਅਤੇ ਉਹ ਮਨੁੱਖਤਾ ਨੂੰ ਦਬਾ ਕੇ ਨਹੀਂ ਰੱਖ ਸਕਦੀਆਂ। ਪ੍ਰਸਿੱਧ ਸੋਮਨਾਥ ਮੰਦਰ ਨਾਲ ਜੁੜੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ’ਚ ਮੋਦੀ ਨੇ ਇਹ ਗੱਲ ਕਹੀ। ਪ੍ਰਧਾਨ ਮੰਤਰੀ ਦਾ ਇਹ ਬਿਆਨ ਬੇਹੱਦ ਮਹੱਤਵੱਪੂਰਨ ਹੈ, ਕਿਉਂਕਿ ਇਹ ਅਜਿਹੇ ਸਮੇਂ ਆਇਆ ਹੈ, ਜਦੋਂ ਗੁਆਂਢੀ ਦੇਸ਼ ਅਫ਼ਗਾਨਿਸਤਾਨ ’ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਅਫ਼ਗਾਨਿਸਤਾਨ ਦੇ ਹਾਲਾਤਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੋਮਨਾਥ ਮੰਦਰ ਨੂੰ ਵਿਦੇਸ਼ੀ ਹਮਲਾਵਰਾਂ ਵਲੋਂ ਵਾਰ-ਵਾਰ ਤੋੜੇ ਜਾਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ’ਚ ਕੋਈ ਵੀ ਵਿਅਕਤੀ ਇਸ ਸ਼ਾਨਦਾਰ ਬੁਨਿਆਦੀ ਢਾਂਚੇ ਨੂੰ ਦੇਖਦਾ ਹੈ ਤਾਂ ਉਸ ਨੂੰ ਸਿਰਫ਼ ਇਕ ਮੰਦਰ ਹੀ ਨਹੀਂ ਦਿਖਾਈ ਦਿੰਦਾ ਸਗੋਂ ਉਸ ਨੂੰ ਇਕ ਅਜਿਹੀ ਹੋਂਦ ਦਿਖਾਈ ਦਿੰਦਾ ਹੈ, ਜੋ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਪ੍ਰੇਰਨਾ ਦਿੰਦੀ ਆ ਰਹੀ ਹੈ ਅਤੇ ਜੋ ਮਨੁੱਖਤਾ ਦੇ ਮੁੱਲਾਂ ਦਾ ਐਲਾਨ ਕਰਦੀ ਹੈ। ਮੋਦੀ ਨੇ ਕਿਹਾ,‘‘ਇਹ ਸਥਾਨ ਅੱਜ ਵੀ ਪੂਰੇ ਵਿਸ਼ਵ ਦੇ ਸਾਹਮਣੇ ਇਹ ਅਪੀਲ ਕਰ ਰਿਹਾ ਹੈ ਕਿ ਸੱਚ ਨੂੰ ਝੂਠ ਨਾਲ ਹਰਾਇਆ ਨਹੀਂ ਜਾ ਸਕਦਾ। ਆਸਥਾ ਨੂੰ ਅੱਤਵਾਦ ਨਾਲ ਕੁਚਲਿਆ ਨਹੀਂ ਜਾ ਸਕਦਾ। ਇਸ ਮੰਦਰ ਨੂੰ ਸੈਂਕੜੇ ਸਾਲਾਂ ਦੇ ਇਤਿਹਾਸ ’ਚ ਕਿੰਨੀ ਹੀ ਵਾਰ ਤੋੜਿਆ ਗਿਆ, ਇੱਥੇ ਦੀਆਂ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ, ਇਸ ਦੀ ਹੋਂਦ ਮਿਟਾਉਣ ਦੀ ਹਰ ਕੋਸ਼ਿਸ਼ ਕੀਤੀ ਗਈ ਪਰ ਇਸ ਨੂੰ ਜਿੰਨੀ ਵਾਰ ਵੀ ਸੁੱਟਿਆ ਗਿਆ, ਉਹ ਓਨੀ ਹੀ ਵਾਰ ਉੱਠ ਖੜ੍ਹਾ ਹੋਇਆ।’’
ਪ੍ਰਧਾਨ ਮੰਤਰੀ ਨੇ ਕਿਸੇ ਦੇਸ਼ ਦਾ ਨਾਮ ਲਏ ਬਿਨਾਂ ਕਿਹਾ,‘‘ਭਗਵਾਨ ਸੋਮਨਾਥ ਦਾ ਮੰਦਰ ਅੱਜ ਭਾਰਤ ਹੀ ਨਹੀਂ, ਪੂਰੇ ਵਿਸ਼ਵ ਲਈ ਇਕ ਵਿਸ਼ਵਾਸ ਹੈ। ਜੋ ਤੋੜਨ ਵਾਲੀਆਂ ਸ਼ਕਤੀਆਂ ਹਨ, ਉਹ ਕੁਝ ਸਮੇਂ ਲਈ ਭਾਵੇਂ ਹੀ ਹਾਵੀ ਹੋ ਜਾਣ ਪਰ ਉਸ ਦੀ ਹੋਂਦ ਕਦੇ ਅਸਥਾਈ ਨਹੀਂ ਹੁੰਦੀ। ਉਹ ਜ਼ਿਆਦਾ ਦਿਨਾਂ ਤੱਕ ਮਨੁੱਖਤਾ ਨੂੰ ਦਬਾ ਕੇ ਨਹੀਂ ਰੱਖ ਸਕਦੀਆਂ।’’ ਉਨ੍ਹਾਂ ਕਿਹਾ ਕਿ ਇਹ ਗੱਲ ਉਦੋਂ ਵੀ ਇੰਨੀ ਹੀ ਸਹੀ ਸੀ, ਜਦੋਂ ਕੁਝ ਹਮਲਾਵਰ ਸੋਮਵਾਥ ਮੰਦਰ ਨੂੰ ਸੁੱਟ ਰਹੇ ਸਨ ਅਤੇ ਅੱਜ ਵੀ ਇੰਨੀ ਹੀ ਸਹੀ ਹੈ, ਜਦੋਂ ਵਿਸ਼ਵ ਅਜਿਹੀਆਂ ਵਿਚਾਰਧਾਰਾਵਾਂ ਨਾਲ ਚਿੰਤਤ ਹੈ। ਮੋਦੀ ਨੇ ਕਿਹਾ,‘‘ਅਸੀਂ ਸਾਰੇ ਜਾਣਦੇ ਹਾਂ ਸੋਮਨਾਥ ਮੰਦਰ ਦੇ ਮੁੜ ਨਿਰਮਾਣ ਨੂੰ ਲੈ ਕੇ ਸ਼ਾਨਦਾਰ ਵਿਕਾਸ ਦੀ ਯਾਤਰਾ ਸਿਰਫ਼ ਕੁਝ ਸਾਲਾਂ ਜਾਂ ਦਹਾਕਿਆਂ ਦਾ ਨਤੀਜਾ ਨਹੀਂ ਹਨ। ਇਹ ਸਦੀਆਂ ਦੀ ਇੱਛਾ ਸ਼ਕਤੀ ਦਾ ਨਤੀਜਾ ਹੈ।’’ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵੀਡੀਓਕਾਨਫਰੰਸ ਦੇ ਮਾਧਿਅਮ ਨਾਲ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ’ਚ ਸੋਮਨਾਥ ‘ਸਮੁੰਦਰ ਦਰਸ਼ਨ’ ਪੈਦਲ ਰਸਤਾ, ਸੋਮਨਾਥ ਪ੍ਰਦਰਸ਼ਨੀ ਕੇਂਦਰ ਅਤੇ ਮੁੜ ਨਿਰਮਿਤ ਅਹਿਲਯਾਬਾਈ ਹੋਲਕਰ ਮੰਦਰ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼੍ਰੀ ਪਾਰਬਤੀ ਮੰਦਰ ਦਾ ਨੀਂਹ ਪੱਥਰ ਵੀ ਰੱਖਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ