ਸ਼ੇਅਰ ਬਾਜ਼ਾਰ ’ਤੇ ਦਿਖਾਈ ਦੇਣ ਲੱਗਾ ਲੋਕ ਸਭਾ ਚੋਣਾਂ ਦਾ ਅਸਰ, ਵਿਦੇਸ਼ੀ ਨਿਵੇਸ਼ਕਾਂ ਨੇ ਕਢਵਾਏ 22000 ਕਰੋੜ

05/27/2024 10:41:18 AM

ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਪੋਰਟਫਓਲੀਓ ਨਿਵੇਸ਼ਕ (ਐੱਫ. ਪੀ. ਆਈ.) ਭਾਰਤੀ ਬਾਜ਼ਾਰ ’ਚ ਸੇਲਰ ਬਣੇ ਹੋਏ ਹਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਅਨਿਸ਼ਚਤਤਾ ਅਤੇ ਚੀਨ ਦੇ ਬਾਜ਼ਾਰਾਂ ਦੇ ਬਿਹਤਰ ਪ੍ਰਦਰਸ਼ਨ ਕਾਰਨ ਐੱਫ. ਪੀ. ਆਈ. ਨੇ ਮਈ ਮਹੀਨੇ ’ਚ ਹੁਣ ਤੱਕ ਭਾਰਤੀ ਸ਼ੇਅਰਾਂ ਤੋਂ 22,000 ਕਰੋੜ ਰੁਪਏ ਕਢਵਾਏ ਹਨ।

ਇਸ ਤੋਂ ਪਹਿਲਾਂ ਮਾਰੀਸ਼ਸ ਦੇ ਨਾਲ ਭਾਰਤ ਦੀ ਟੈਕਸ ਸਮਝੌਤੇ ’ਚ ਬਦਲਾਅ ਅਤੇ ਅਮਰੀਕਾ ’ਚ ਬਾਂਡ ਯੀਲਡ ’ਚ ਲਗਾਤਾਰ ਵਾਧੇ ਨੂੰ ਲੈ ਕੇ ਚਿੰਤਾ ਦਰਮਿਆਨ ਐੱਫ. ਪੀ. ਆਈ. ਨੇ ਅਪ੍ਰੈਲ ’ਚ ਸ਼ੇਅਰਾਂ ਤੋਂ 8700 ਕਰੋੜ ਰੁਪਏ ਤੋਂ ਵਧ ਦੀ ਨਿਕਾਸੀ ਕੀਤੀ ਸੀ, ਉੱਥੇ ਮਾਰਚ ’ਚ ਸ਼ੇਅਰਾਂ ਤੋਂ 35,098 ਕਰੋੜ ਅਤੇ ਫਰਵਰੀ ’ਚ 1539 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ।

ਅੱਗੇ ਚੱਲ ਕੇ ਜਿਵੇਂ-ਜਿਵੇਂ ਚੋਣ ਦੇ ਮੋਰਚੇ ’ਤੇ ਚੀਜ਼ਾਂ ਸਪੱਸ਼ਟ ਹੋਣਗੀਆਂ ਐੱਫ. ਪੀ. ਆਈ. (ਫਾਰੇਨ ਪੋਰਟਫੋਲੀਓ ਇਨਵੈਸਟਰਜ਼) ਦੀ ਭਾਰਤੀ ਬਾਜ਼ਾਰ ’ਚ ਖਰੀਦ ਵਧੇਗੀ। ਐਕਸਪਰਟਸ ਦਾ ਮੰਨਣਾ ਹੈ ਕਿ ਖਰੀਦ ਦਾ ਸਿਲਸਿਲਾ ਚੋਣ ਨਤੀਜਿਆਂ ਤੋਂ ਪਹਿਲਾਂ ਵੀ ਸ਼ੁਰੂ ਹੋ ਸਕਦਾ ਹੈ।

ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ ਐੱਫ. ਪੀ. ਆਈ. ਨੇ ਇਸ ਮਹੀਨੇ 24 ਮਈ ਤੱਕ ਸ਼ੇਅਰਾਂ ਤੋਂ ਸ਼ੁੱਧ ਤੌਰ ’ਤੇ 22,047 ਕਰੋੜ ਰੁਪਏ ਕੱਢਵਾਏ ਹਨ।

ਬਾਂਡ ਬਾਜ਼ਾਰ ਨੂੰ ਲੈ ਕੇ ਕੀ ਹੈ ਰੁਖ

ਮਈ ’ਚ ਹੁਣ ਤੱਕ ਐੱਫ. ਪੀ. ਆਈ. ਨੇ ਡੈਟ ਜਾਂ ਬਾਂਡ ਬਾਜ਼ਾਰ ’ਚ 2,009 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਐੱਫ. ਪੀ. ਆਈ. ਨੇ ਬਾਂਡ ਬਾਜ਼ਾਰ ’ਚ ਮਾਰਚ ’ਚ 13,602 ਕਰੋੜ, ਫਰਵਰੀ ’ਚ 22,419 ਕਰੋੜ ਅਤੇ ਜਨਵਰੀ ’ਚ 19,836 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇਸ ਦੇ ਪਿੱਛੇ ਅਹਿਮ ਕਾਰਨ ਰਿਹਾ ਜੇ. ਪੀ. ਮਾਰਗਨ ਇੰਡੈਕਸ ’ਚ ਭਾਰਤ ਸਰਕਾਰ ਦੇ ਬਾਂਡ ਨੂੰ ਸ਼ਾਮਲ ਕੀਤੇ ਜਾਣ ਦੇ ਐਲਾਨ। ਜੇ. ਪੀ. ਮਾਰਗਨ ਚੇਜ ਐਂਡ ਕੰਪਨੀ ਨੇ ਪਿਛਲੇ ਸਾਲ ਸਤੰਬਰ ’ਚ ਐਲਾਨ ਕੀਤਾ ਸੀ ਕਿ ਉਹ ਜੂਨ 2024 ਤੋਂ ਭਾਰਤ ਸਰਕਾਰ ਦੇ ਬਾਂਡ ਨੂੰ ਆਪਣੇ ਬੈਂਚਮਾਰਕ ਐਮਰਜਿੰਗ ਮਾਰਕੀਟ ’ਚ ਸ਼ਾਮਲ ਕਰੇਗੀ।

ਇਸ ਇਤਿਹਾਸਕ ਕਦਮ ਨਾਲ ਇਸ ਤੋਂ ਬਾਅਦ ਦੇ ਡੇਢ ਤੋਂ 2 ਸਾਲ ’ਚ ਭਾਰਤ ਨੂੰ 20 ਤੋਂ 40 ਅਰਬ ਡਾਲਰ ਦਾ ਨਿਵੇਸ਼ ਆਕਰਸ਼ਿਤ ਕਰਨ ’ਚ ਮਦਦ ਕਰੇਗੀ। ਕੁਲ ਮਿਲਾ ਕੇ ਇਸ ਸਾਲ ਐੱਫ. ਪੀ. ਆਈ. ਭਾਰਤੀ ਸ਼ੇਅਰਾਂ ਤੋਂ 19,824 ਕਰੋੜ ਰੁਪਏ ਦੀ ਨਿਕਾਸੀ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਬਾਂਡ ਬਾਜ਼ਾਰ ’ਚ 46,917 ਕਰੋੜ ਰੁਪਏ ਨਿਵੇਸ਼ ਕੀਤੇ ਹਨ।


Harinder Kaur

Content Editor

Related News