ਕੋਰੋਨਾ ਦੀ ਤਬਾਹੀ ਇੰਝ ਬਦਲ ਕੇ ਰੱਖ ਦੇਵੇਗੀ ਦੁਨੀਆ ਦੀ ਤਸਵੀਰ
Thursday, Apr 02, 2020 - 06:21 PM (IST)
ਨਵੀਂ ਦਿੱਲੀ/ਵਾਸ਼ਿੰਗਟਨ- ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ। 'ਦ ਗਾਰਡੀਅਨ' ਦੇ ਮੁਤਾਬਕ ਦੁਨੀਆ ਦੇ ਤਕਰੀਬਨ 199 ਦੇਸ਼ ਕੋਰੋਨਾਵਾਇਰਸ ਨਾਲ ਲੜ ਰਹੇ ਹਨ। ਦੁਨੀਆ ਦੇ ਵਧੇਰੇ ਦੇਸ਼ਾਂ ਨੇ ਇਸ ਦੌਰਾਨ ਲਾਕਡਾਊਨ ਦਾ ਸਹਾਰਾ ਲਿਆ ਹੈ ਜਾਂ ਲੈ ਰਹੇ ਹਨ। ਅੰਤਰਰਾਸ਼ਟਰੀ ਆਵਾਜਾਈ ਦੇ ਨਾਲ ਦੇਸ਼ਾਂ ਦੇ ਅੰਦਰ ਦੀ ਆਵਾਜਾਈ ਵੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਅਜਿਹਾ ਲੱਗ ਰਿਹਾ ਹੈ ਕਿ ਪੂਰੀ ਦੁਨੀਆ ਇਕ ਬ੍ਰੇਕ 'ਤੇ ਹੈ।
ਸਾਰੀਆਂ ਵੱਡੀਆਂ ਸਿਆਸੀ, ਸਮਾਜਿਕ ਤੇ ਖੇਡ ਗਤੀਵਿਧੀਆਂ ਠੱਪ ਹਨ। ਇਥੋਂ ਤੱਕ ਕਿ ਧਾਰਮਿਕ ਗਤੀਵਿਧੀਆਂ ਵੀ ਰੋਕ ਦਿੱਤੀਆਂ ਗਈਆਂ ਹਨ। ਮਾਹਰ ਇਸ ਦੌਰਾਨ ਇਕ ਸਵਾਲ ਚੁੱਕ ਰਹੇ ਹਨ ਕਿ ਕੀ ਇਸ ਬ੍ਰੇਕ ਨਾਲ ਦੁਨੀਆ ਬਦਲ ਜਾਵੇਗੀ। ਜ਼ਿਆਦਾਤਰ ਦੇ ਜਵਾਬ ਹਾਂ ਵਿਚ ਹੀ ਸਨ। ਆਓ ਜਾਣਦੇ ਹਾਂ ਕਿ ਦੁਨੀਆ ਦੀ ਤਸਵੀਰ ਉਸ ਤੋਂ ਕਿਵੇਂ ਬਦਲੇਗੀ ਜਿਵੇਂ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਪਹਿਲਾਂ ਦੇਖੀ ਗਈ ਸੀ।
ਹਰ ਵੱਡੀ ਆਪਦਾ ਨੇ ਬਦਲੀ ਹੈ ਦੁਨੀਆ
ਅਸੀਂ ਹੁਣ ਤੱਕ ਦੇਖਿਆ ਹੈ ਕਿ ਵੱਡੀ ਆਪਦਾ ਤੋਂ ਬਾਅਦ ਦੁਨੀਆ ਦੀ ਸਿਆਸਤ, ਸਮਾਜਿਕ ਤੇ ਨੈਤਿਕ ਸਮਝ ਤੇ ਸਿਧਾਂਤਾਂ ਵਿਚ ਬਦਲਾਅ ਆਉਂਦਾ ਹੈ। ਸਾਲ 1918 ਵਿਚ ਸਪੈਨਿਸ਼ ਫਲੂ ਫੈਲਿਆ ਤੇ ਦੁਨੀਆ ਭਰ ਵਿਚ 2 ਕਰੋੜ ਤੋਂ ਵਧੇਰੇ ਲੋਕ ਮਾਰੇ ਗਏ। ਉਸ ਤੋਂ ਬਾਅਦ ਸਾਰੇ ਯੂਰਪੀ ਦੇਸ਼ਾਂ ਨੇ ਜਨਤਕ ਸਿਹਤ ਪ੍ਰਣਾਲੀ ਦਾ ਵਿਕਾਸ ਕੀਤਾ। ਦ ਗਾਰਡੀਅਨ ਮੁਤਾਬਕ ਅਜਿਹਾ ਹੀ ਕੁਝ ਸਾਲ 2001 ਵਿਚ ਹੋਇਆ ਜਦੋਂ 9/11 ਹਮਲਾ ਹੋਇਆ ਤਾਂ ਪੂਰੀ ਦੁਨੀਆ ਵਿਚ ਵਿਅਕਤੀਗਤ ਸੁਤੰਤਰਤਾ ਦਾ ਸਿਧਾਂਤ ਘੱਟ ਹੋਇਆ। ਸਰਕਾਰੀ ਏਜੰਸੀਆਂ ਤਾਕਤਵਰ ਹੋਈਆਂ। ਇਲੈਕਟ੍ਰਾਨਿਕ ਤਰੀਕੇ ਨਾਲ ਹਰ ਵਿਅਕਤੀ 'ਤੇ ਨਜ਼ਰ ਰੱਖਣ ਦੀ ਮਨਜ਼ੂਰੀ ਦਿੱਤੀ ਗਈ। ਇਸੇ ਤਰ੍ਹਾਂ 2008 ਵਿਚ ਆਰਥਿਕ ਮੰਦੀ ਤੋਂ ਬਾਅਦ ਪੂਰੀ ਦੁਨੀਆ ਦਾ ਆਰਥਿਕ ਤੰਤਰ ਬਦਲ ਗਿਆ। ਨਿੱਜੀ ਬੈਂਕਾਂ ਤੇ ਸੰਸਥਾਨਾਂ 'ਤੇ ਸਖਤਾਈ ਕੀਤੀ ਗਈ।
ਚੀਨ ਨੂੰ ਲੈ ਕੇ ਬਦਲੇਗਾ ਦੁਨੀਆ ਦਾ ਨਜ਼ਰੀਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਣ ਜਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਸਾਰੇ ਕੋਰੋਨਾਵਾਇਰਸ ਨੂੰ ਚੀਨ ਦਾ ਮਨੁੱਖ ਵਲੋਂ ਬਣਾਇਆ ਵਾਇਰਸ ਦੱਸ ਰਹੇ ਹਨ। ਕੁਝ ਦੇਸ਼ ਅਜਿਹਾ ਵੀ ਕਹਿ ਰਹੇ ਹਨ ਕਿ ਚੀਨ ਦੀ ਲਾਪਰਵਾਹੀ ਕਾਰਨ ਇਹ ਇਨਫੈਕਸ਼ਨ ਫੈਲਿਆ ਹੈ। ਆਮ ਲੋਕ ਵੀ ਚੀਨ ਦੇ ਲੋਕਾਂ ਦੀਆਂ ਭੋਜਨ ਸਬੰਧੀ ਆਦਤਾਂ ਦਾ ਵਿਰੋਧ ਕਰ ਰਹੇ ਹਨ। ਬ੍ਰਿਟੇਨ ਜਿਹੇ ਉਦਾਰਵਾਦੀ ਦੇਸ਼ ਵੀ ਇਸ ਨਾਲ ਚਿੰਤਤ ਹਨ। ਦੁਨੀਆ ਦੇ 35 ਦੇਸ਼ਾਂ ਵਿਚ ਚੀਨ ਦੇ ਨਾਗਰਿਕਾਂ ਦੇ ਖਿਲਾਫ ਨਸਲਵਾਦੀ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ਵਿਚ ਚੀਨ ਦਾ ਅਕਸ ਦੁਨੀਆ ਸਾਹਮਣੇ ਹਮੇਸ਼ਾ ਲਈ ਬਦਲਣਾ ਤੈਅ ਜਿਹਾ ਦਿਖ ਰਿਹਾ ਹੈ।
ਸਰੀਰਕ ਦੂਰੀ ਦਾ ਸਿਧਾਂਤ ਹੁਣ ਹਮੇਸ਼ਾ ਲਈ
ਦੁਨੀਆ ਭਰ ਸਦਭਾਵਨਾ ਤੇ ਪਿਆਰ ਜਤਾਉਣ ਲਈ ਹੱਥ ਮਿਲਾਉਣ ਤੋਂ ਲੈ ਕੇ ਗਲੇ ਮਿਲਣ ਤੱਕ ਦੇ ਰਿਵਾਜ਼ ਕੋਰੋਨਾਵਾਇਰਸ ਦੇ ਫੈਲਣ ਤੋਂ ਪਹਿਲਾਂ ਆਮ ਸਨ। ਯੂਰਪ ਹੋਵੇ ਜਾਂ ਸਾਊਦੀ ਅਰਬ, ਕੋਰੋਨਾਵਾਇਰਸ ਦੇ ਕਾਰਨ ਸਾਰੇ ਸਰੀਰਕ ਦੂਰੀ ਦਾ ਸਿਧਾਂਤ ਮੰਨ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਨਸਾਨੀ ਇਤਿਹਾਸ ਵਿਚ ਸਰੀਰਕ ਦੂਰੀ ਦੇ ਸਿਧਾਂਤ ਨੂੰ ਮਾਨਤਾ ਮਿਲ ਗਈ ਹੈ। ਇਹ ਬਹੁਤ ਦੇਰ ਤੱਕ ਕਾਇਮ ਰਹੇਗਾ। ਅਹਿਮ ਹੈ ਕਿ ਭਾਰਤੀ ਰਸਮਾਂ ਨੇ ਹਮੇਸ਼ਾ ਤੋਂ ਸਰੀਰਕ ਦੂਰੀ ਦੇ ਸਿਧਾਂਤ ਨੂੰ ਮਹੱਤਵ ਦਿੱਤਾ ਹੈ।
ਪਰਵਾਸੀਆਂ 'ਤੇ ਹੋਵੇਗੀ ਸਖਤੀ
ਅਮਰੀਕਾ ਹੋਵੇ ਜਾਂ ਬ੍ਰਿਟੇਨ ਸਾਰੇ ਪੱਛਮੀ ਦੇਸ਼ਾਂ ਵਿਚ ਪਰਵਾਸੀਆਂ ਦਾ ਸਵਾਗਤ ਹੁੰਦਾ ਹੈ। ਮਾਹਰਾਂ ਦਾ ਅੰਦਾਜ਼ਾ ਹੈ ਕਿ ਹੁਣ ਰਾਸ਼ਟਰਪਤੀ ਟਰੰਪ ਨੂੰ ਅਮਰੀਕਾ ਵਿਚ ਪਰਵਾਸੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਮੌਕਾ ਮਿਲੇਗਾ। ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਤਾਂ ਅਜਿਹਾ ਐਲਾਨ ਵੀ ਕਰ ਦਿੱਤਾ ਹੈ। ਅਜਿਹਾ ਹੀ ਕੁਝ ਇਟਲੀ, ਸਪੇਨ ਤੇ ਫਰਾਂਸ ਵਿਚ ਵੀ ਦਿਖ ਰਿਹਾ ਹੈ, ਜੋ ਕੋਰੋਨਾ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹਨ।
ਕਮਜ਼ੋਰ ਹੋਣਗੇ ਲੋਕਤੰਤਰੀ ਅਧਿਕਾਰ
ਚੀਨ ਨੇ ਜਿਸ ਤੇਜ਼ੀ ਨਾਲ ਲਾਕਡਾਊਨ ਕੀਤਾ ਹੈ ਤੇ ਸਖਤ ਕਦਮ ਚੁੱਕ ਕੇ ਕੋਰੋਨਾਵਾਇਰਸ ਖਿਲਾਫ ਲੜਾਈ ਵਿਚ ਜਿੱਤ ਹਾਸਲ ਕੀਤੀ ਹੈ, ਉਸ ਨਾਲ ਪੂਰੀ ਦੁਨੀਆ ਹੈਰਾਨ ਹੈ। ਉਥੇ ਹੀ ਇਟਲੀ, ਸਪੇਨ ਜਿਹੇ ਖੁੱਲੀ ਸਮਾਜਿਕ ਪਛਾਣ ਵਾਲੇ ਦੇਸ਼ਾਂ ਵਿਚ ਹਾਲਾਤ ਬੇਹੱਦ ਖਰਾਬ ਹਨ। ਅਜਿਹੇ ਵਿਚ ਮਾਹਰਾਂ ਨੇ ਸੰਕੇਤ ਦਿੱਤੇ ਹਨ ਕਿ ਸਰਕਾਰਾਂ ਆਪਣੇ ਹੱਥ ਵਿਚ ਵਧੇਰੇ ਤਾਕਤ ਰੱਖਣਗੀਆਂ ਤੇ ਲੋਕਤੰਤਰੀ ਅਧਿਕਾਰ ਕਮਜ਼ੋਰ ਹੋਣਗੇ।
ਸੁਧਰੇਗੀ ਸਿਹਤ ਸੇਵਾਵਾਂ ਦੀ ਹਾਲਤ
ਯੂਰਪ ਸਣੇ ਅਮਰੀਕਾ ਵਿਚ ਜਿਸ ਤਰ੍ਹਾਂ ਸਿਹਤ ਸੇਵਾਵਾਂ ਖੁਦ ਨੂੰ ਕੋਰੋਨਾਵਾਇਰਸ ਨਾਲ ਲੜਨ ਵਿਚ ਕਮਜ਼ੋਰ ਮਹਿਸੂਸ ਕਰ ਰਹੀਆਂ ਹਨ, ਉਸ ਨਾਲ ਲੋਕਾਂ ਵਿਚ ਬਹੁਤ ਨਰਾਜ਼ਗੀ ਹੈ। ਸੋਸ਼ਲ ਮੀਡੀਆ 'ਤੇ ਪੂਰੀ ਦੁਨੀਆ ਦੇ ਲੋਕ ਚੀਨ ਦੀਆਂ ਸਿਹਤ ਸੇਵਾਵਾਂ ਦੀ ਸ਼ਲਾਘਾ ਕਰ ਰਹੇ ਹਨ। ਅਜਿਹੇ ਵਿਚ ਮਾਹਰਾਂ ਨੂੰ ਉਮੀਦ ਹੈ ਕਿ ਪੂਰੀ ਦੁਨੀਆ ਵਿਚ ਜਨਤਕ ਸਿਹਤ ਸੇਵਾਵਾਂ ਮਜ਼ਬੂਤ ਹੋਣਗੀਆਂ।
ਸੈਲਾਨੀਆਂ ਪ੍ਰਤੀ ਬਦਲੇਗਾ ਨਜ਼ਰੀਆ
ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਪਹਿਲਾਂ ਤੱਕ ਪੂਰੀ ਦੁਨੀਆ ਵਿਚ ਸੈਲਾਨੀਆਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਸੀ, ਉਹਨਾਂ ਨੂੰ ਆਰਥਿਕ ਇਨਕਮ ਦਾ ਵੱਡਾ ਜ਼ਰੀਆ ਮੰਨਿਆ ਜਾਂਦਾ ਸੀ। ਇਸ ਵਾਇਰਸ ਦਾ ਇਨਫੈਕਸ਼ਨ ਮੁੱਖ ਰੂਪ ਨਾਲ ਸੈਲਾਨੀਆਂ ਨਾਲ ਹੀ ਫੈਲਿਆ, ਅਜਿਹੇ ਵਿਚ ਖਦਸ਼ਾ ਹੈ ਕਿ ਹੁਣ ਸ਼ਾਇਦ ਹੀ ਦੁਨੀਆ ਸੈਲਾਨੀਆਂ ਦਾ ਸਵਾਗਤ ਪਹਿਲਾਂ ਵਾਂਗ ਕਰੇ।
ਬਦਲੇਗਾ ਅਰਥ ਤੰਤਰ
ਦੁਨੀਆ ਦਾ ਅਰਥਤੰਤਰ ਲਚੀਲਾ ਰਿਹਾ ਹੈ, ਉਸ ਨੇ ਹੁਣ ਤੱਕ ਕਈ ਖਰਾਬ ਹਾਲਾਤਾਂ ਦਾ ਸਾਹਮਣਾ ਕੀਤਾ ਹੈ। ਚਾਹੇ ਉਹ 1930 ਦੇ ਦਹਾਕੇ ਵਿਚ ਆਈ ਮੰਦੀ ਹੋਵੇ ਜਾਂ ਕੋਲਡ ਵਾਰ ਜਾਂ ਫਿਰ 1990 ਦੇ ਖਰਾਬ ਹਾਲਾਤ। 2008 ਦੇ ਆਰਥਿਕ ਮੰਦੀ ਨੂੰ ਵੀ ਗਲੋਬਲ ਅਰਥ ਤੰਤਰ ਝੱਲ ਚੁੱਕਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਲੋਕਾਂ ਨੇ ਉਸ ਵੇਲੇ ਦੇ ਹਾਲਾਤਾਂ ਤੋਂ ਬਹੁਤ ਕੁਝ ਸਿੱਖਿਆ ਹੈ ਪਰ ਸਾਨੂੰ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਣਗੇ।