ਅਦਾਲਤ ਨੇ ਅਣ-ਵਿਆਹੀ ਗਰਭਵਤੀ ਨੂੰ ਗਰਭਪਾਤ ਕਰਵਾਉਣ ਦੀ ਨਹੀਂ ਦਿੱਤੀ ਇਜਾਜ਼ਤ
Saturday, Mar 17, 2018 - 09:05 AM (IST)
ਅੰਬਾਲਾ — ਹਰਿਆਣਾ ਦੇ ਅੰਬਾਲਾ ਦੀ ਇਕ ਅਦਾਲਤ ਨੇ ਅੱਜ ਇਕ 19 ਸਾਲਾ ਅਣ-ਵਿਆਹੀ ਗਰਭਵਤੀ ਨੂੰ ਗਰਭਪਾਤ ਦੀ ਇਜਾਜ਼ਤ ਦੇਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਭਰੂਣ 28 ਹਫਤਿਆਂ ਦਾ ਹੋ ਚੁੱਕਾ ਸੀ। 7 ਮਹੀਨਿਆਂ ਦੀ ਗਰਭਵਤੀ ਨੇ ਵੀਰਵਾਰ ਨੂੰ ਸਪੈਸ਼ਲ ਕੋਰਟ ਵਿਚ ਗਰਭਪਾਤ ਦੀ ਇਜਾਜ਼ਤ ਮੰਗਦੀ ਪਟੀਸ਼ਨ ਦਾਖਲ ਕੀਤੀ ਸੀ।
ਲੜਕੀ ਦੀ ਪਟੀਸ਼ਨ ਅਨੁਸਾਰ ਉਸ ਦੇ ਪ੍ਰੇਮੀ ਨੇ ਕਿਤੇ ਹੋਰ ਵਿਆਹ ਕਰਵਾ ਲਿਆ ਸੀ। ਪਹਿਲਾਂ ਉਸ ਨੇ ਜ਼ਿਲਾ ਕਾਨੂੰਨੀ ਸੇਵਾ ਅਥਾਰਿਟੀ ਵਿਚ ਅਰਜ਼ੀ ਦਾਖਲ ਕੀਤੀ। ਜਿਥੋਂ ਅਰਜ਼ੀ ਨੂੰ ਲੀਗਲ ਸਹਾਇਤਾ ਲਈ ਪੁਸ਼ਕਰ ਸ਼ਰਮਾ ਦੇ ਕੋਲ ਭੇਜਿਆ ਗਿਆ ਜਿਨ੍ਹਾਂ ਨੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਮਾਨਵਿਕਾ ਯਾਦਵ ਦੀ ਸਪੈਸ਼ਲ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ।
ਇਸ 'ਤੇ ਕੋਰਟ ਨੇ ਮੁੱਖ ਮੈਡੀਕਲ ਅਧਿਕਾਰੀ ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ। ਰਿਪੋਰਟ ਅੱਜ ਅਦਾਲਤ ਵਿਚ ਪੇਸ਼ ਕੀਤੀ ਗਈ ਜਿਸ ਵਿਚ ਦੱਸਿਆ ਗਿਆ ਕਿ ਲੜਕੀ ਦਾ ਭਰੂਣ 28 ਹਫਤਿਆਂ ਦਾ ਹੋ ਗਿਆ ਹੈ। ਇਸ ਲਈ ਗਰਭ ਡੇਗਿਆ ਨਹੀਂ ਜਾ ਸਕਦਾ। ਇਸ ਦੇ ਬਾਅਦ ਅਦਾਲਤ ਨੇ ਲੜਕੀ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ।
