ਕੇਂਦਰ ਨੇ ਕੀਤਾ ਸਕੱਤਰ ਪੱਧਰ ’ਤੇ ਵੱਡਾ ਫੇਰਬਦਲ, ਪੁਣਯ ਸ਼੍ਰੀਵਾਸਤਵ ਸਿਹਤ ਤੇ ਰਾਜੇਸ਼ ਸਿੰਘ ਨਵੇਂ ਰੱਖਿਆ ਸਕੱਤਰ ਨਿਯੁਕਤ
Friday, Aug 16, 2024 - 09:16 PM (IST)
ਨਵੀਂ ਦਿੱਲੀ, (ਭਾਸ਼ਾ)- ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸਕੱਤਰ ਪੱਧਰ ’ਤੇ ਵੱਡਾ ਫੇਰਬਦਲ ਕਰਦੇ ਹੋਏ ਸੀਨੀਅਰ ਨੌਕਰਸ਼ਾਹ ਪੁਣਯ ਸਲਿਲਾ ਸ਼੍ਰੀਵਾਸਤਵ ਨੂੰ ਨਵਾਂ ਸਿਹਤ ਸਕੱਤਰ ਅਤੇ ਰਾਜੇਸ਼ ਕੁਮਾਰ ਸਿੰਘ ਨੂੰ ਨਵਾਂ ਰੱਖਿਆ ਸਕੱਤਰ ਨਿਯੁਕਤ ਕੀਤਾ।
ਅਮਲਾ ਮੰਤਰਾਲਾ ਦੇ ਹੁਕਮ ਅਨੁਸਾਰ ਪੁਣਯ ਸ਼੍ਰੀਵਾਸਤਵ 30 ਸਤੰਬਰ ਨੂੰ ਅਪੂਰਵ ਚੰਦਰਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਸਿਹਤ ਸਕੱਤਰ ਦੀ ਜ਼ਿੰਮੇਵਾਰੀ ਸੰਭਾਲੇਗੀ। ਉਥੇ ਹੀ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਦੇ ਸਕੱਤਰ ਰਾਜੇਸ਼ ਕੁਮਾਰ ਸਿੰਘ 31 ਅਕਤੂਬਰ, 2024 ਨੂੰ ਅਰਮਾਨੇ ਗਿਰੀਧਰ ਦੇ ਸੇਵਾਮੁਕਤ ਹੋਣ ਤੋਂ ਬਾਅਦ ਰੱਖਿਆ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਣਗੇ।
ਘੱਟਗਿਣਤੀ ਮਾਮਲਿਆਂ ਦੇ ਸਕੱਤਰ ਕਟਿਕਿਥਲਾ ਸ਼੍ਰੀਨਿਵਾਸ ਅਗਲੇ ਗ੍ਰਹਿ ਅਤੇ ਸ਼ਹਿਰੀ ਮਾਮਲਿਆਂ ਦੇ ਸਕੱਤਰ ਹੋਣਗੇ। ਸੀਨੀਅਰ ਨੌਕਰਸ਼ਾਹ ਦੀਪਤੀ ਉਮਾਸ਼ੰਕਰ ਨੂੰ ਭਾਰਤ ਦੇ ਰਾਸ਼ਟਰਪਤੀ ਦਾ ਨਵਾਂ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਿੱਤੀ ਸੇਵਾ ਵਿਭਾਗ ਦੇ ਸਕੱਤਰ ਵਿਵੇਕ ਜੋਸ਼ੀ ਅਮਲਾ ਅਤੇ ਸਿਖਲਾਈ ਵਿਭਾਗ (ਡੀ. ਓ. ਪੀ. ਟੀ.) ਦੇ ਸਕੱਤਰ ਹੋਣਗੇ। ਸੀਨੀਅਰ ਆਈ. ਏ. ਐੱਸ. ਅਧਿਕਾਰੀ ਨਾਗਰਾਜੂ ਮੱਦਿਰਾਲਾ, ਜੋਸ਼ੀ ਦੇ ਸਥਾਨ ’ਤੇ ਨਵੇਂ ਵਿੱਤੀ ਸੇਵਾ ਸਕੱਤਰ ਹੋਣਗੇ।