ਰਾਜ ਸਭਾ ਮੈਂਬਰਾਂ ਦੇ ਭਾਜਪਾ ''ਚ ਰਲੇਵੇਂ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ
Thursday, Apr 30, 2026 - 08:25 PM (IST)
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਰਲੇਵੇਂ ਨੂੰ ਲੈ ਕੇ ਚੱਲ ਰਿਹਾ ਸਿਆਸੀ ਘਮਾਸਾਣ ਹੁਣ ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਪਹੁੰਚ ਗਿਆ ਹੈ। ਇਸ ਮਾਮਲੇ ਵਿੱਚ ਨਵਨੀਤ ਚਤੁਰਵੇਦੀ ਨੇ ਸੁਪਰੀਮ ਕੋਰਟ ਵਿੱਚ ਇੱਕ ਕੈਵੀਏਟ (ਕੈਵੀਏਟ ਨੰਬਰ 8080/2026) ਦਾਇਰ ਕੀਤੀ ਹੈ। ਇਸ ਕੈਵੀਏਟ ਰਾਹੀਂ ਚਤੁਰਵੇਦੀ ਨੇ ਮੰਗ ਕੀਤੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਰਲੇਵੇਂ ਦੇ ਫੈਸਲੇ ਵਿਰੁੱਧ ਕੋਈ ਪਟੀਸ਼ਨ ਦਾਇਰ ਕਰਦੀ ਹੈ, ਤਾਂ ਅਦਾਲਤ ਕੋਈ ਵੀ ਹੁਕਮ ਜਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਜ਼ਰੂਰ ਸੁਣੇ।
ਜ਼ਿਕਰਯੋਗ ਹੈ ਕਿ 27 ਅਪ੍ਰੈਲ ਨੂੰ ਰਾਜ ਸਭਾ ਦੇ ਚੇਅਰਮੈਨ ਨੇ 'ਆਪ' ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਹਰੀ ਝੰਡੀ ਦੇ ਦਿੱਤੀ ਸੀ। ਨਵਨੀਤ ਚਤੁਰਵੇਦੀ ਨੇ ਬਾਕੀ ਛੇ ਮੈਂਬਰਾਂ ਦੇ ਰਲੇਵੇਂ 'ਤੇ ਕੋਈ ਇਤਰਾਜ਼ ਨਹੀਂ ਜਤਾਇਆ, ਪਰ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਰਾਜਿੰਦਰ ਗੁਪਤਾ ਨੂੰ ਇਸ ਸੂਚੀ 'ਚ ਸ਼ਾਮਲ ਕਰਨ ਦਾ ਵਿਰੋਧ ਕੀਤਾ ਹੈ। ਚਤੁਰਵੇਦੀ ਅਨੁਸਾਰ, ਰਾਜਿੰਦਰ ਗੁਪਤਾ ਦੀ ਚੋਣ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਅਧੀਨ ਹੈ (ਚੋਣ ਪਟੀਸ਼ਨ EP-2/2025), ਜਿਸ ਕਾਰਨ ਉਨ੍ਹਾਂ ਦਾ ਪਾਰਟੀ ਬਦਲਣਾ ਕਾਨੂੰਨੀ ਤੌਰ 'ਤੇ ਸਵਾਲਾਂ ਦੇ ਘੇਰੇ 'ਚ ਹੈ।
ਚਤੁਰਵੇਦੀ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਰਾਜਿੰਦਰ ਗੁਪਤਾ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣਾ ਇੱਕ ਰਣਨੀਤਕ ਚਾਲ ਹੈ ਤਾਂ ਜੋ ਉਹ ਆਪਣੀ ਰਾਜ ਸਭਾ ਸੀਟ ਨੂੰ ਸੁਰੱਖਿਅਤ ਰੱਖ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਚੋਣ ਪਟੀਸ਼ਨ ਦਾ ਫੈਸਲਾ ਨਹੀਂ ਹੋ ਜਾਂਦਾ, ਗੁਪਤਾ ਨੂੰ ਆਪਣੀ ਸਿਆਸੀ ਪਛਾਣ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਚਤੁਰਵੇਦੀ ਨੇ ਖੁਦ ਨੂੰ ਇਸ ਮਾਮਲੇ ਵਿੱਚ ਇੱਕ "ਪੀੜਤ ਧਿਰ" ਦੱਸਦਿਆਂ ਸੁਪਰੀਮ ਕੋਰਟ ਵਿੱਚ ਦਖਲਅੰਦਾਜ਼ੀ ਅਰਜ਼ੀ (IA) ਦਾਇਰ ਕਰਨ ਦੀ ਵੀ ਤਿਆਰੀ ਕਰ ਲਈ ਹੈ।
ਆਪਣੇ ਸਟੈਂਡ ਨੂੰ ਸਪੱਸ਼ਟ ਕਰਦਿਆਂ ਚਤੁਰਵੇਦੀ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਸਿਆਸੀ ਪਾਰਟੀ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਜਿਹੜੇ ਲੋਕ ਪਹਿਲਾਂ ਉਨ੍ਹਾਂ 'ਤੇ "ਭਾਜਪਾ ਏਜੰਟ" ਹੋਣ ਦਾ ਇਲਜ਼ਾਮ ਲਗਾਉਂਦੇ ਸਨ, ਉਹ ਅੱਜ ਖੁਦ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਹੁਣ ਜਦੋਂ ਆਮ ਆਦਮੀ ਪਾਰਟੀ ਵੱਲੋਂ ਇਸ ਰਲੇਵੇਂ ਖਿਲਾਫ ਸੁਪਰੀਮ ਕੋਰਟ ਵਿੱਚ ਸੰਵਿਧਾਨਕ ਚੁਣੌਤੀ ਦੇਣ ਦੀ ਸੰਭਾਵਨਾ ਹੈ, ਤਾਂ ਚਤੁਰਵੇਦੀ ਦੀ ਇਸ ਕੈਵੀਏਟ ਨੇ ਮਾਮਲੇ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਹੈ।
