12 ਦਿਨਾਂ ਤੋਂ ਲਾਪਤਾ ਹਰਿਆਣਵੀ ਸਿੰਗਰ ਦੀ ਲਾਸ਼ ਮਿੱਟੀ 'ਚ ਦੱਬੀ ਮਿਲੀ ਲਾਸ਼
Tuesday, May 24, 2022 - 11:26 AM (IST)
ਮਹਮ (ਪ੍ਰੀਤ)- ਮਹਮ ’ਚ ਨੈਸ਼ਨਲ ਹਾਈਵੇ-09 ਦੇ ਬਾਈਪਾਸ ’ਤੇ ਫਲਾਈਓਵਰ ਦੇ ਕੋਲ ਭੈਣੀ ਭੈਰੋਂ ਦੇ ਪਿੰਡ ਦੇ ਲਿੰਕ ਰੋਡ ਦੇ ਕੋਲ ਮਿੱਟੀ ’ਚ ਦੱਬੀ ਮਿਲੀ ਔਰਤ ਦੀ ਲਾਸ਼ ਦੀ ਪਛਾਣ ਦਿੱਲੀ ਵਾਸੀ ਸੰਗੀਤਾ ਦੇ ਰੂਪ ’ਚ ਹੋਈ ਹੈ। ਸੰਗੀਤਾ ਉਰਫ਼ ਦਿਵਿਆ 11 ਮਈ ਨੂੰ ਘਰੋਂ ਨਿਕਲੀ ਸੀ। ਜਦੋਂ ਕਿ ਪਰਿਵਾਰਕ ਮੈਂਬਰਾਂ ਵੱਲੋਂ 14 ਮਈ ਨੂੰ ਉਸ ਦੇ ਅਗਵਾ ਹੋਣ ਸਬੰਧੀ ਕੇਸ ਪੁਲਸ ’ਚ ਦਰਜ ਕਰਵਾਇਆ ਸੀ। ਸੰਗੀਤਾ ਗੀਤ ਆਦਿ ਗਾ ਕੇ ਯੂ-ਟਿਊਬ ’ਤੇ ਪੋਸਟ ਕਰਦੀ ਸੀ। ਜਾਂਚ ਅਧਿਕਾਰੀ ਸਬ ਇੰਸਪੈਕਟਰ ਵਿਕਾਸ ਨੇ ਦੱਸਿਆ ਕਿ ਸੰਗੀਤਾ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਓਧਰ ਥਾਣਾ ਮੁਖੀ ਇੰਸਪੈਕਟਰ ਪ੍ਰਹਿਲਾਦ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਦਿਵਿਆ ਦੇ ਨਾਲ ਕੁਝ ਸਮਾਂ ਪਹਿਲਾਂ ਜਬਰ-ਜ਼ਿਨਾਹ ਕੀਤਾ ਗਿਆ ਸੀ। ਇਸ ’ਚ ਸੀਸਰ ਖਾਸ ਮਹਮ ਵਾਸੀ ਰਵੀ ਮੁਲਜ਼ਮ ਸੀ। ਮਾਮਲੇ ਨੂੰ ਦਬਾਉਣ ਲਈ ਰਵੀ ਨੇ ਆਪਣੇ ਦੋਸਤ ਅਨਿਲ ਵਾਸੀ ਰਿੰਢਾਣਾ-ਸੋਨੀਪਤ ਦੇ ਨਾਲ ਮਿਲ ਕੇ ਦਿਵਿਆ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਦਿਵਿਆ ਦੀ ਲਾਸ਼ ਨੂੰ ਮਹਮ ’ਚ ਬਾਈਪਾਸ ’ਤੇ ਇਕ ਫਲਾਈਓਵਰ ਦੇ ਸਰਵਿਸ ਰੋਡ ਦੇ ਨਾਲ ਬਣੇ ਨਾਲੇ ਦੇ ਨੇੜੇ ਮਿੱਟੀ ’ਚ ਦਬਾ ਦਿੱਤਾ ਸੀ। ਪੁਲਸ ਮੁਲਜ਼ਮਾਂ ਨੂੰ ਫੜਣ ਦੀ ਕੋਸ਼ਿਸ਼ ਕਰ ਰਹੀ ਹੈ।