ਫੌਜ ਦਾ ਕਰਾਰਾ ਜਵਾਬ, ਪਾਕਿ ਚੌਕੀ ਤਬਾਹ ਦੋ ਫੌਜੀ ਢੇਰ

Friday, May 15, 2020 - 02:36 AM (IST)

ਸ਼੍ਰੀਨਗਰ (ਏਜੰਸੀ)- ਬਾਰਾਮੁੱਲਾ 'ਚ ਕੰਟਰੋਲ ਰੇਖਾ (ਐਲ.ਓ.ਸੀ.) ਨਾਲ ਲੱਗਦੇ ਉੜੀ ਸੈਕਟਰ ਦੇ ਅਗੇਤੀ ਹਿੱਸਿਆਂ 'ਚ ਵੀਰਵਾਰ ਨੂੰ ਪਾਕਿਸਤਾਨੀ ਫੌਜ ਦੀ ਗੋਲੀਬਾਰੀ 'ਚ ਚਾਰ ਸਾਲ ਦਾ ਬੱਚਾ ਜ਼ਖਮੀ ਹੋ ਗਿਆ ਅਤੇ ਦੋ ਮਕਾਨ ਨੁਕਸਾਨੇ ਗਏ। ਭਾਰਤੀ ਫੌਜ ਨੇ ਵੀ ਗੋਲਾਬਾਰੀ ਦਾ ਮੂੰਹਤੋੜ ਜਵਾਬ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਫੌਜ ਦੀ ਜਵਾਬੀ ਕਾਰਵਾਈ 'ਚ ਦੋ ਪਾਕਿ ਫੌਜੀਆਂ ਦੇ ਜ਼ਖਮੀ ਜਾਂ ਮਾਰੇ ਜਾਣ ਦੀ ਸੂਚਨਾ ਹੈ, ਜਦੋਂ ਕਿ ਇਕ ਚੌਕੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਬੀਤੇ 25 ਦਿਨ 'ਚ ਉੜੀ ਸੈਕਟਰ 'ਚ ਜੰਗ ਬੰਦੀ ਉਲੰਘਣਾ ਦੀ ਚੌਥੀ ਘਟਨਾ ਹੈ।

ਸੂਤਰਾਂ ਨੇ ਦੱਸਿਆ ਕਿ ਸ਼ਾਮ ਤਕਰੀਬਨ ਚਾਰ ਵਜੇ ਪਾਕਿਸਤਾਨੀ ਫੌਜੀਆਂ ਨੇ ਉੜੀ ਸੈਕਟਰ ਵਿਚ ਬਿਨਾਂ ਕਾਰਨ ਹੀ ਐਲ.ਓ.ਸੀ. ਦੇ ਅਗੇਤੀ ਹਿੱਸਿਆਂ ਵਿਚ ਭਾਰਤ ਦੇ ਸਿਲੀਕੋਟ, ਚੁਰੁੰਡਾ, ਢਕੀਕੋਟ, ਨਾਂਬਲਾ, ਹਥਲੰਗਾ ਅਤੇ ਨੇੜਲੇ ਇਲਾਕਿਆਂ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ, ਪਾਕਿਸਤਾਨੀ ਫੌਜ ਤੋਪਖਾਨੇ ਦੀ ਵਰਤੋਂ ਕਰ ਰਹੀ ਹੈ। ਇਸ ਗੋਲੀਬਾਰੀ ਵਿਚ ਭਾਰਤ ਦਾ ਚਾਰ ਸਾਲਾ ਬੱਚਾ ਤੌਸੀਫ ਖਟਾਨਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਦੋਂਕਿ ਦੋ ਮਕਾਨ ਢਹਿ-ਢੇਰੀ ਹੋਏ ਹਨ।

ਜ਼ਖਮੀ ਬੱਚੇ ਨੂੰ ਪੇਂਡੂਆਂ ਨੇ ਫੌਜ ਦੀ ਮਦਦ ਨਾਲ ਸ਼ੇਰ-ਏ-ਕਸ਼ਮੀਰ ਆਯੁਰਵਿਗਿਆਨ ਸੰਸਥਾਨ ਸੌਰਾ ਵਿਚ ਦਾਖਲ ਕਰਵਾਇਆ ਗਿਆ ਹੈ। ਭਾਰਤੀ ਜਵਾਨਾਂ ਨੇ ਵੀ ਪਾਕਿਸਤਾਨੀ ਟਿਕਾਣਿਆਂ 'ਤੇ ਭਾਰੀ ਗੋਲੀਬਾਰੀ ਕੀਤੀ। ਦੱਸਿਆ ਜਾਂਦਾ ਹੈ ਕਿ ਗੋਲੀਬਾਰੀ ਦੇਰ ਰਾਤ ਤੱਕ ਜਾਰੀ ਸੀ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਦਾ ਇਮਾਰਤੀ ਢਾਂਚਾ ਵੀ ਨੁਕਸਾਨਿਆ ਗਿਆ ਹੈ। ਇਸ ਦੇ ਨਾਲ ਹੀ ਪੂਰੇ ਉੱਤਰੀ ਕਸ਼ਮੀਰ ਵਿਚ ਅਗੇਤੀ ਇਲਾਕਿਆਂ ਵਿਚ ਚੌਕਸੀ ਵਧਾ ਦਿੱਤੀ ਗਈ ਹੈ।

ਫੌਜ ਦੇ ਫੀਲਡ ਕਮਾਂਡਰਰਾਂ ਨੂੰ ਪੂਰੀ ਸਾਵਧਾਨੀ ਵਰਤਣ ਅਤੇ ਪਾਕਿਸਤਾਨ ਦੀ ਕਿਸੇ ਵੀ ਹਰਕਤ ਦਾ ਮੂੰਹਤੋੜ ਜਵਾਬ ਦੇਣ ਲਈ ਕਿਹਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਉੱਤਰੀ ਕਸ਼ਮੀਰ ਵਿਚ ਖਰਾਬ ਮੌਸਮ ਵਿਚਾਲੇ ਪਾਕਿਸਤਾਨ ਫੌਜ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਦੀ ਵਜ੍ਹਾ ਘੁਸਪੈਠ ਕਰਵਾਉਣ ਦੀ ਕੋਸ਼ਿਸ਼ਾਂ ਹਨ। ਭਾਰਤੀ ਫੌਜ ਵਲੋਂ ਅਗੇਤੀ ਇਲਾਕਿਆਂ ਵਿਚ ਸਾਰੇ ਗਸ਼ਤੀ ਦਲਾਂ ਅਤੇ ਨਾਕਾ ਪਾਰਟੀਆਂ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਵਾਰ-ਵਾਰ ਮੂੰਹ ਦੀ ਖਾਣ ਦੇ ਬਾਵਜੂਦ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਘੱਟ ਹੋ ਰਹੀਆਂ ਹਨ ਅਤੇ ਨਾ ਹੀ ਸਰਹੱਦ 'ਤੇ ਗੋਲੀਬਾਰ ਰੁਕ ਰਹੀ ਹੈ। ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ ਹੀ ਪਾਕਿਸਤਾਨੀ ਫੌਜ ਤਕਰੀਬਨ 1450 ਵਾਰ ਜੰਗ ਬੰਦੀ ਦੀ ਉਲੰਘਣਾ ਕਰ ਚੁੱਕੀ ਹੈ। ਕੋਰੋਨਾ ਦੇ ਕਹਿਰ ਦੇ ਨਾਲ ਮਾਰਚ ਮਹੀਨੇ ਤੋਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਮਕਸਦ ਨਾਲ ਇਸ ਵਿਚ ਹੋਰ ਤੇਜ਼ੀ ਆ ਗਈ ਹੈ। ਪਾਕਿਸਤਾਨ ਨੇ ਮਾਰਚ ਮਹੀਨੇ ਵਿਚ ਹੀ ਸਭ ਤੋਂ ਜ਼ਿਆਦਾ 411 ਵਾਰ ਕੰਟਰੋਲ ਰੇਖਾ 'ਤੇ ਜੰਗ ਬੰਦੀ ਦੀ ਉਲੰਘਣਾ ਕੀਤੀ ਹੈ। 


Sunny Mehra

Content Editor

Related News