ਹਿਮਾਚਲ ਪ੍ਰਦੇਸ਼ ’ਤੇ 49 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ: CM ਠਾਕੁਰ

08/31/2019 5:28:07 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਭਾਵ ਸ਼ਨੀਵਾਰ ਨੂੰ ਸੂਬਾ ਵਿਧਾਨ ਸਭਾ ਨੂੰ ਸੂਚਿਤ ਕੀਤਾ ਹੈ ਕਿ ਸੂਬੇ ’ਤੇ 49,096 ਕਰੋੜ ਰੁਪਏ ਦਾ ਕਰਜ਼ਾ ਹੈ। ਠਾਕੁਰ ਨੇ ਜਗਤ ਸਿੰਘ ਨੇਗੀ, ਰਾਜਿੰਦਰ ਰਾਣਾ ਅਤੇ ਰਮੇਸ਼ ਚੰਦ ਧਵਾਲਾ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਸੂਬੇ ’ਤੇ 2017 ’ਚ 46,385 ਕਰੋੜ ਰੁਪਏ ਕਰਜ਼ਾ ਸੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਇਸ ਸਾਲ 31 ਜੁਲਾਈ ਤੱਕ 2,711 ਕਰੋੜ ਰੁਪਏ ਦਾ ਸ਼ੁੱਧ ਕਰਜ਼ਾ ਲਿਆ। ਇਸ ਲਈ ਕਰਜ਼ੇ ਦਾ ਬੋਝ ਹੁਣ ਵੱਧ ਕੇ 49,096 ਕਰੋੜ ਰੁਪਏ ਹੋ ਗਿਆ ਹੈ। 

ਸੀ. ਐੱਮ. ਠਾਕੁਰ ਨੇ ਦੱਸਿਆ ਹੈ ਕਿ ਸੂਬੇ ’ਤੇ 2007 ਅਤੇ 2012 ’ਚ ਕ੍ਰਮਵਾਰ 19,977 ਅਤੇ 27,598 ਕਰੋੜ ਰੁਪਏ ਕਰਜ਼ੇ ਦਾ ਬੋਝ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ 2013 ਤੋਂ 2017 ਦੌਰਾਨ ਆਪਣੇ ਪੰਜ ਸਾਲਾ ਦੇ ਕਾਰਜਕਾਲ ਦੌਰਾਨ ਕੁੱਲ 18,787 ਕਰੋੜ ਰੁਪਏ ਦਾ ਕਰਜ਼ਾ ਲਿਆ। ਮੁੱਖ ਮੰਤਰੀ ਨੇ ਪਿਛਲੇ ਤਿੰਨ ਵਿੱਤੀ ਸਾਲਾਂ ਦਾ ਇਸ ਸਾਲ 31 ਜੁਲਾਈ ਤੱਕ ਦਾ ਅੰਕੜਾ ਪੇਸ਼ ਕਰਦੇ ਹੋਏ ਕਿਹਾ ਹੈ ਕਿ 11,329 ਕਰੋੜ ਰੁਪਏ ਦਾ ਕੁੱਲ ਕਰਜ਼ ਲਿਆ ਗਿਆ। ਇਸ ’ਚ 6,517 ਕਰੋੜ ਰੁਪਏ ਦੀ ਵਰਤੋਂ ਕਰਜ਼ ਦਾ ਭੁਗਤਾਨ ਕਰਨ ਲਈ ਕੀਤਾ ਗਿਆ।

ਦੱਸਣਯੋਗ ਹੈ ਕਿ ਅੱਜ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਨੇ ਸੂਬੇ ’ਚ ਭਾਰੀ ਬਾਰਿਸ਼ ਹੋਣ ਕਾਰਨ ਹੋਏ ਨੁਕਸਾਨ ’ਤੇ ਚਰਚਾ ਲਈ ਮੁਲਤਵੀ ਪ੍ਰਸਤਾਵ ਨੋਟਿਸ ਵਿਧਾਨ ਸਭਾ ਸਪੀਕਰ ਵੱਲੋਂ ਨਾ ਸਵੀਕਾਰ ਕਰਨ ਤੋਂ ਬਾਅਦ ਸਦਨ ਤੋਂ ਵਾਕਆਊਟ ਕੀਤਾ। 


Iqbalkaur

Content Editor

Related News