ਜਿੰਦਾ ਸ਼ਖਸ ਨੂੰ ਮਿਲਿਆ ਮੌਤ ਦਾ ਮੈਸੇਜ, ''ਤੁਹਾਡਾ ਡੈੱਥ ਸਰਟੀਫਿਕੇਟ ਤਿਆਰ ਹੋ ਗਿਆ ਹੈ, ਆ ਕੇ ਲੈ ਜਾਓ''
Friday, Feb 19, 2021 - 08:48 PM (IST)
ਨਵੀਂ ਦਿੱਲੀ - ਰਾਜਧਾਨੀ ਦਿੱਲੀ ਵਿੱਚ ਨਗਰ ਨਿਗਮ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਜਿੰਦਾ ਸ਼ਖਸ ਨੂੰ ਉਸ ਦੀ ਮੌਤ ਦਾ ਮੈਸੇਜ ਭੇਜ ਦਿੱਤਾ ਗਿਆ ਹੈ। ਮੈਸੇਜ ਵਿੱਚ ਕਿਹਾ ਗਿਆ ਕਿ ਤੁਹਾਡਾ ਡੈੱਥ ਸਰਟੀਫਿਕੇਟ ਤਿਆਰ ਹੋ ਗਿਆ ਹੈ, ਆ ਕੇ ਲੈ ਜਾਓ। ਦੱਖਣੀ ਦਿੱਲੀ ਦੇ ਆਰਿਆ ਨਗਰ ਵਿੱਚ ਰਹਿਣ ਵਾਲੇ ਵਿਨੋਦ ਸ਼ਰਮਾ ਦੇ ਨਾਲ ਇਹ ਹੋਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ।
ਆਰਿਆ ਨਗਰ ਦੇ ਰਹਿਣ ਵਾਲੇ 58 ਸਾਲ ਦੇ ਵਿਨੋਦ ਸ਼ਰਮਾ ਦੇ ਮੋਬਾਇਲ 'ਤੇ ਮੈਸੇਜ ਆਇਆ। ਦੱਖਣੀ ਦਿੱਲੀ ਨਗਰ ਨਿਗਮ ਵਲੋਂ ਮਿਲੇ ਇਸ ਮੈਸੇਜ ਵਿੱਚ ਲਿਖਿਆ ਗਿਆ ਸੀ ਕਿ ਡੈੱਥ ਸਰਟੀਫਿਕੇਟ ਲਈ ਤੁਸੀਂ ਜੋ ਅਰਜ਼ੀ ਦਿੱਤੀ ਸੀ, ਉਸ ਨੂੰ ਸਵੀਕਾਰ ਕਰਦੇ ਹੋਏ ਸਰਟੀਫਿਕੇਟ ਬਣਾ ਦਿੱਤਾ ਗਿਆ ਹੈ। ਮੈਸੇਜ ਦੇ ਨਾਲ ਲਿੰਕ ਹੈ, ਤੁਸੀ ਇਸ 'ਤੇ ਜਾ ਕੇ ਆਪਣਾ ਡੈੱਥ ਸਰਟੀਫਿਕੇਟ ਡਾਉਨਲੋਡ ਕਰ ਸਕਦੇ ਹੋ। ਇਸ ਮੈਸੇਜ ਨੂੰ ਵੇਖ ਵਿਨੋਦ ਹੈਰਾਨ ਰਹਿ ਗਿਆ ਕਿ ਅਖੀਰ ਉਸ ਦਾ ਡੈੱਥ ਸਰਟੀਫਿਕੇਟ ਕਿਵੇਂ ਬਣ ਗਿਆ, ਜਦੋਂ ਕਿ ਉਹ ਜਿੰਦਾ ਹੈ। ਇੱਥੇ ਤੱਕ ਕਿ ਹਾਲ ਫਿਲਹਾਲ ਵਿੱਚ ਤਾਂ ਪਰਿਵਾਰ ਵਿੱਚ ਵੀ ਕੋਈ ਮੌਤ ਨਹੀਂ ਹੋਈ ਹੈ।
ਵਿਨੋਦ ਸ਼ਰਮਾ ਨੇ ਬਾਅਦ ਵਿੱਚ ਇਸ ਘਟਨਾ ਦੀ ਸ਼ਿਕਾਇਤ ਆਪਣੇ ਕੌਂਸਲਰ ਨੂੰ ਵੀ ਕੀਤੀ ਹੈ। ਸ਼ਰਮਾ ਨੇ ਦੱਸਿਆ ਕਿ ਮੈਂ ਲਿੰਕ ਵੇਖਿਆ ਪਰ ਉਸ 'ਤੇ ਕਲਿਕ ਨਹੀਂ ਕੀਤਾ। ਇੱਥੇ ਮੈਂ ਜਿੰਦਾ ਅਤੇ ਤੰਦਰੁਸਤ ਹਾਂ। ਮੇਰੇ ਪਰਿਵਾਰ ਵਿੱਚ ਕਿਸੇ ਦਾ ਵੀ ਦਿਹਾਂਤ ਨਹੀਂ ਹੋਇਆ ਹੈ। ਇਹ ਅਜੀਬ ਹੈ ਕਿ ਕਿਸੇ ਨੇ ਵੀ ਇਸ ਤਰ੍ਹਾਂ ਦੇ ਪ੍ਰਮਾਣ ਪੱਤਰ ਲਈ ਅਰਜ਼ੀ ਨਹੀਂ ਦਿੱਤੀ ਹੈ ਅਤੇ ਐੱਸ.ਡੀ.ਐੱਮ.ਸੀ. ਸਾਨੂੰ ਮੌਤ ਪ੍ਰਮਾਣ ਪੱਤਰ ਭੇਜ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।