ਯੂ. ਪੀ. ’ਚ ਨਵਾਂ ਟਿਕਾਣਾ ਬਣਾਉਣਾ ਚਾਹੁੰਦੇ ਸਨ ਅੱਤਵਾਦੀ, ਦਿੱਲੀ ਧਮਾਕੇ ਪਿੱਛੋਂ ਜਗ੍ਹਾ-ਜਗ੍ਹਾ ਛਾਪੇਮਾਰੀ

Tuesday, Nov 11, 2025 - 11:29 PM (IST)

ਯੂ. ਪੀ. ’ਚ ਨਵਾਂ ਟਿਕਾਣਾ ਬਣਾਉਣਾ ਚਾਹੁੰਦੇ ਸਨ ਅੱਤਵਾਦੀ, ਦਿੱਲੀ ਧਮਾਕੇ ਪਿੱਛੋਂ ਜਗ੍ਹਾ-ਜਗ੍ਹਾ ਛਾਪੇਮਾਰੀ

ਲਖਨਊ– ਗੁਜਰਾਤ ਏ. ਟੀ. ਐੱਸ. ਵੱਲੋਂ ਗ੍ਰਿਫਤਾਰ ਤਿੰਨੋਂ ਅੱਤਵਾਦੀਆਂ ਦੇ ਖਤਰਨਾਕ ਮਨਸੂਬੇ ਸਨ। ਇਸ ਵਾਰ ਪਾਕਿਸਤਾਨ ਵਿਚ ਬੈਠੇ ਆਕਾ ਸ਼ਾਮਲੀ ਤੇ ਲਖੀਮਪੁਰ ਖੀਰੀ ਦੇ 2 ਨੌਜਵਾਨਾਂ ਨੂੰ ਜਾਲ ਵਿਚ ਫਸਾ ਕੇ ਯੂ. ਪੀ. ਨੂੰ ਆਪਣਾ ਨਵਾਂ ਟਿਕਾਣਾ ਬਣਾਉਣਾ ਚਾਹੁੰਦੇ ਸਨ। ਇਹੀ ਕਾਰਨ ਸੀ ਕਿ ਗ੍ਰਿਫਤਾਰ ਸੁਹੇਲ ਤੇ ਆਜ਼ਾਦ ਸੈਫੀ ਲਖਨਊ ਦੀ ਕਈ ਵਾਰ ਰੇਕੀ ਕਰ ਚੁੱਕੇ ਸਨ। ਦੋਵਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਯੂ. ਪੀ. ਦੇ ਕਈ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਵੀ ਲਿਆ ਸੀ। ਇਨ੍ਹਾਂ ਦੇ ਖਤਰਨਾਕ ਇਰਾਦਿਆਂ ਨੂੰ ਵੇਖਦੇ ਹੋਏ ਯੂ. ਪੀ. ਏ. ਟੀ. ਐੱਸ. ਦੇ ਨਾਲ ਹੀ ਖੁਫੀਆ ਏਜੰਸੀ ਤੇ ਯੂ. ਪੀ. ਪੁਲਸ ਵੀ ਅਲਰਟ ਹੋ ਗਈ ਹੈ।

ਸੋਮਵਾਰ ਸ਼ਾਮ ਦਿੱਲੀ ਵਿਚ ਲਾਲ ਕਿਲੇ ਦੇ ਨੇੜੇ ਹੋਏ ਕਾਰ ਧਮਾਕੇ ਪਿੱਛੋਂ ਕਈ ਸੂਬਿਆਂ ਵਿਚ ਜਗ੍ਹਾ-ਜਗ੍ਹਾ ਛਾਪੇਮਾਰੀ ਕੀਤੀ ਗਈ। ਮੰਗਲਵਾਰ ਨੂੰ ਲਖਨਊ ਵਿਚ ਵੀ ਇਕ ਡਾਕਟਰ ਕੋਲ ਏ. ਟੀ. ਐੱਸ. ਤੇ ਜੰਮੂ-ਕਸ਼ਮੀਰ ਪੁਲਸ ਨੇ ਛਾਪਾ ਮਾਰਿਆ। ਇਸ ਡਾਕਟਰ ਦੇ ਲਖਨਊ ਤੋਂ ਫੜੀ ਜਾ ਚੁੱਕੀ ਇਕ ਮਹਿਲਾ ਡਾਕਟਰ ਨਾਲ ਸਬੰਧ ਦੱਸੇ ਜਾ ਰਹੇ ਸਨ।

ਫਰੀਦਾਬਾਦ ’ਚ ਅੱਤਵਾਦੀ ਸਾਜ਼ਿਸ਼ ਦੀਆਂ ਪਰਤਾਂ ਕਸ਼ਮੀਰ ਵਿਚ ਜੈਸ਼-ਏ-ਮੁਹੰਮਦ ਦੇ ਸਮਰਥਨ ’ਚ ਲੱਗੇ ਪੋਸਟਰ ਤੋਂ ਖੁੱਲ੍ਹੀਆਂ। ਪਿਛਲੇ ਮਹੀਨੇ 27 ਅਕਤੂਬਰ ਨੂੰ ਸ਼੍ਰੀਨਗਰ ’ਚ ਪੋਸਟਰ ਲਾਏ ਗਏ ਸਨ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀਆਂ, ਜਿਨ੍ਹਾਂ ਵਿਚ ਆਦਿਲ ਨੂੰ ਪੋਸਟਰ ਲਾਉਂਦੇ ਹੋਏ ਵੇਖਿਆ ਗਿਆ। ਉਸ ਨੂੰ ਸਹਾਰਨਪੁਰ ਤੋਂ ਪੁਲਸ ਨੇ ਗ੍ਰਿਫਤਾਰ ਕੀਤਾ।

ਸੂਤਰਾਂ ਅਨੁਸਾਰ ਇਸ ਵਾਰ ਅੱਤਵਾਦੀ ਸੰਗਠਨ ਲਖਨਊ ਨੂੰ ਆਪਣਾ ਕੇਂਦਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਹੀ ਕਾਰਨ ਹੈ ਕਿ ਪਿਛਲੇ ਕੁਝ ਸਮੇਂ ਤੋਂ ਅੱਤਵਾਦੀ ਸੰਗਠਨ ਯੂ. ਪੀ. ਦੇ ਨੌਜਵਾਨਾਂ ਨੂੰ ਵਰਗਲਾ ਕੇ ਆਪਣੇ ਨਾਲ ਜੋੜ ਰਹੇ ਹਨ। ਪੜ੍ਹੇ-ਲਿਖੇ ਨੌਜਵਾਨਾਂ ਦਾ ਬ੍ਰੇਨਵਾਸ਼ ਕੀਤਾ ਜਾ ਰਿਹਾ ਹੈ।

ਖੁਫੀਆ ਏਜੰਸੀ ਦੇ ਇਕ ਅਧਿਕਾਰੀ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਤੇ ਬੰਗਲਾਦੇਸ਼ ਦੇ ਰਸਤਿਓਂ ਆ ਰਹੇ ਘੁਸਪੈਠੀਆਂ ਦੇ ਰੂਪ ’ਚ ਕਈ ਸ਼ੱਕੀ ਵੀ ਦੇਸ਼ ਵਿਚ ਆ ਚੁੱਕੇ ਹਨ। ਕੁਝ ਦਿਨ ਪਹਿਲਾਂ ਫੜੇ ਗਏ ਬਿਲਾਲ ਖਾਨ ਤੇ ਫਰਹਾਨ ਨਬੀ ਸਿੱਦੀਕੀ ਵੀ ਯੂ. ਪੀ. ਦੇ ਹੀ ਹਨ। ਦੋਵਾਂ ਦਾ ਕੰਮ ਕਰਨ ਦਾ ਤਰੀਕਾ ਪਹਿਲਾਂ ਵੱਖਰਾ ਸੀ ਪਰ ਮਕਸਦ ਇਕੋ ਸੀ।


author

Rakesh

Content Editor

Related News