ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਾ, ਇਕ ਜਵਾਨ ਸ਼ਹੀਦ, 2 ਜ਼ਖਮੀ

Saturday, Sep 09, 2017 - 08:01 PM (IST)

ਅਨੰਤਨਾਗ— ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਅੱਤਵਾਦੀਆਂ ਨੇ ਪੁਲਸ ਮੁਲਾਜ਼ਮਾਂ 'ਤੇ ਅਚਾਨਕ ਹਮਲਾ ਕਰ ਦਿੱਤਾ। ਸ਼ਨੀਵਾਰ ਸ਼ਾਮ ਨੂੰ ਹੋਏ ਹਮਲੇ 'ਚ ਇਕ ਪੁਲਸ ਮੁਲਾਜ਼ਮ ਦੀ ਮੌਤ ਦੀ ਹੋ ਗਈ, ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ। ਇਹ ਹਮਲਾ ਜਿਸ ਜਗ੍ਹਾ ਹੋਇਆ ਹੈ, ਉਥੋਂ ਤਕਰੀਬਨ 500 ਗਜ ਦੀ ਦੂਰੀ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਐਤਵਾਰ ਨੂੰ ਮੀਟਿੰਗ ਕਰਨ ਵਾਲੇ ਹਨ। ਰਾਜਨਾਥ ਸਿੰਘ ਚਾਰ ਦਿਨ ਦੇ ਦੌਰੇ 'ਤੇ ਕਸ਼ਮੀਰ ਗਏ ਹੋਏ ਹਨ। ਇਸ ਤੋਂ ਪਹਿਲਾਂ, ਸ਼ਨੀਵਾਰ ਸਵੇਰੇ ਉੱਤਰ ਕਸ਼ਮੀਰ 'ਚ ਬਾਰਾਮੁੱਲਾ ਜ਼ਿਲੇ ਦੇ ਸੋਪੋਰ 'ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ ਇਕ ਅਣਪਛਾਤੇ ਅੱਤਵਾਦੀ ਦੀ ਮੌਤ ਹੋ ਗਈ ਸੀ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੋਪੋਰ ਦੇ ਰੇਬੇਨ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਬਾਰੇ ਪੁਖਤਾ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਇਲਾਕੇ ਨੂੰ ਘੇਰਾ ਪਾ ਲਿਆ ਅਤੇ ਉਥੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਸੁਰੱਖਿਆ ਫੋਰਸ ਤਲਾਸ਼ੀ ਮੁਹਿੰਮ 'ਚ ਲੱਗੀ ਸੀ ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ਫੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਹੋਏ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਥੇ ਹੀ ਪਾਕਿਸਤਾਨ ਵਲੋਂ ਪੁੰਛ ਜ਼ਿਲੇ 'ਚ ਕੰਟਰੋਲ ਰੇਖਾ ਨੇੜੇ ਅੰਤਰਿਮ ਚੌਕੀਆਂ 'ਤੇ ਅੱਜ ਗੋਲੀਬਾਰੀ ਕਰਕੇ ਜੰਗ ਬੰਦੀ ਦੀ ਉਲੰਘਣਾ ਕੀਤੀ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੇਂਢਰ ਸੈਕਟਰ ਦੇ ਦੇਬਰਾਜ, ਕ੍ਰਿਸ਼ਣਾ ਘਾਟੀ ਅਤੇ ਈਸ਼ਾਪੁਰ 'ਚ ਸਰਹੱਦ ਪਾਰ ਤੋਂ ਸਵੇਰੇ ਤਕਰੀਬਨ ਸਾਢੇ 10 ਵਜੇ ਗੋਲੀਬਾਰੀ ਸ਼ੁਰੂ ਹੋਈ, ਜਿਸ ਤੋਂ ਬਾਅਦ ਸਰਹੱਦ 'ਤੇ ਤਾਇਨਾਤ ਭਾਰਤੀ ਫੌਜੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਅੰਤਿਮ ਰਿਪੋਰਟ ਮਿਲਣ ਤੱਕ ਦੋਹਾਂ ਧਿਰਾਂ ਵਿਚਾਲੇ ਗੋਲੀਬਾਰੀ ਜਾਰੀ ਸੀ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।


Related News