ਅੱਤਵਾਦੀ ਮਾਡਿਊਲ ਦਾ ਪਰਦਾਫਾਸ਼: ਹਥਿਆਰ ਤੇ ਗੋਲਾ-ਬਾਰੂਦ ਸਣੇ 6 ਓਵਰ ਗਰਾਊਂਡ ਵਰਕਰ ਗ੍ਰਿਫਤਾਰ
Saturday, Sep 28, 2024 - 05:31 AM (IST)

ਜੰਮੂ/ਸ਼੍ਰੀਨਗਰ : ਕਸ਼ਮੀਰ ਦੀ ਅਵੰਤੀਪੋਰਾ ਪੁਲਸ ਨੇ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰ ਕੇ 6 ਓਵਰ ਗਰਾਊਂਡ ਵਰਕਰਾਂ (ਅੱਤਵਾਦੀਆਂ ਦੇ ਮਦਦਗਾਰ) ਨੂੰ ਗ੍ਰਿਫਤਾਰ ਕੀਤਾ ਹੈ ਅਤੇ ਭਾਰੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ।
ਜਾਣਕਾਰੀ ਮੁਤਾਬਕ ਅਵੰਤੀਪੋਰਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜੈਸ਼-ਏ-ਮੁਹੰਮਦ ਨਾਲ ਸਬੰਧਤ ਪਾਕਿਸਤਾਨ ਕੇਂਦਰਿਤ ਕਸ਼ਮੀਰੀ ਅੱਤਵਾਦੀ ਇਲਾਕੇ ਦੇ ਨੌਜਵਾਨਾਂ ਨੂੰ ਅੱਤਵਾਦ ਦਾ ਰਾਹ ਅਪਣਾਉਣ ਲਈ ਉਤਸ਼ਾਹਿਤ ਕਰ ਰਹੇ ਹਨ।
ਅੱਤਵਾਦੀ ਸੰਗਠਨਾਂ ’ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਅੱਤਵਾਦੀ ਸਰਗਰਮੀਆਂ ਲਈ ਹਥਿਆਰ ਅਤੇ ਗੋਲਾ ਬਾਰੂਦ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਥਾਣਾ ਤਰਾਲ ਵਿਖੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਕੀਤੀ।
ਇਸ ਦੌਰਾਨ ਇਸ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਅਤੇ ਦੋਸ਼ੀਆਂ ਦੀ ਪਛਾਣ ਕੀਤੀ ਗਈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪਾਕਿਸਤਾਨ ਦੇ ਅੱਤਵਾਦੀਆਂ ਦਾ ਕੰਮ ਹੈ, ਜੋ ਕਸ਼ਮੀਰ ’ਚ ਸਰਗਰਮ ਆਪਣੇ ਓਵਰ ਗਰਾਊਂਡ ਵਰਕਰਾਂ ਦੀ ਮਦਦ ਨਾਲ ਸਥਾਨਕ ਨੌਜਵਾਨਾਂ ਨੂੰ ਅੱਤਵਾਦ ਦੇ ਰਾਹ ’ਤੇ ਧੱਕ ਰਹੇ ਹਨ।
ਪੁਲਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ 6 ਓਵਰ ਗਰਾਊਂਡ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਜਾਂਚ ਦੌਰਾਨ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।