ਰਾਜੌਰੀ ਦੇ ਥੰਨਾਮੰਡੀ ’ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਧਮਾਕਾਖੇਜ਼ ਸਮੱਗਰੀ ਬਰਾਮਦ
Sunday, Jun 15, 2025 - 12:13 AM (IST)

ਰਾਜੌਰੀ, (ਸ਼ਿਵਮ)- ਰਾਜੌਰੀ ਜ਼ਿਲੇ ਦੇ ਥੰਨਾਮੰਡੀ ਖੇਤਰ ’ਚ ਸੁਰੱਖਿਆ ਫੋਰਸਾਂ ਨੇ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰਦੇ ਹੋਏ ਗੋਲੀਆਂ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਕਾਰਵਾਈ ਸ਼ਨੀਵਾਰ ਨੂੰ ਇਕ ਤਲਾਸ਼ੀ ਮੁਹਿੰਮ ਦੌਰਾਨ ਕੀਤੀ ਗਈ। ਤਲਾਸ਼ੀ ਦੌਰਾਨ, ਇਕ ਗੁਪਤ ਟਿਕਾਣੇ ਦੀ ਪਛਾਣ ਕੀਤੀ ਗਈ, ਜਿੱਥੋਂ 48 ਕਾਰਤੂਸ ਪੀਕਾ ਬੰਦੂਕ ਦੇ, 5 ਕਾਰਤੂਸ ਪਿਸਤੌਲ ਦੇ, ਇਕ ਕਾਰਤੂਸ ਏ. ਕੇ.-47 ਦਾ, ਲੱਗਭਗ 400 ਗ੍ਰਾਮ ਆਈ. ਈ. ਡੀ. ਵਰਗਾ ਪਾਊਡਰ, ਇਕ ਅੱਥਰੂ ਗੈਸ ਗੋਲੇ ਦਾ ਸ਼ੈੱਲ ਅਤੇ ਇਕ ਟੀ-ਸ਼ਰਟ ਬਰਾਮਦ ਕੀਤੀ ਗਈ ਹੈ।
ਸੁਰੱਖਿਆ ਏਜੰਸੀਆਂ ਨੇ ਬਰਾਮਦ ਕੀਤੀ ਗਈ ਸਮੱਗਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਉਕਤ ਟਿਕਾਣੇ ਦੀ ਵਰਤੋਂ ਕਿਹੜੇ ਤੱਤਾਂ ਵੱਲੋਂ ਅਤੇ ਕਿਸ ਮਕਸਦ ਲਈ ਕੀਤੀ ਜਾ ਰਹੀ ਸੀ।