ਦਿਗਵਿਜੇ ''ਤੇ ਵੀ.ਕੇ. ਸਿੰਘ ਦਾ ਪਲਟਵਾਰ, ਕੀ ਰਾਜੀਵ ਗਾਂਧੀ ਦਾ ਕਤਲ ਹਾਦਸਾ ਸੀ?
Tuesday, Mar 05, 2019 - 05:39 PM (IST)

ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ 'ਤੇ ਹਵਾਈ ਫੌਜ ਦੀ ਕਾਰਵਾਈ ਦੇ ਸਬੂਤ ਮੰਗਣ ਜਾਣ ਦਾ ਮਾਮਲਾ ਹੁਣ ਰਾਜੀਵ ਗਾਂਧੀ ਦੇ ਕਤਲ ਤੱਕ ਪਹੁੰਚ ਗਿਆ ਹੈ। ਸਾਬਕਾ ਫੌਜ ਮੁਖੀ, ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਜਨਰਲ ਵੀ.ਕੇ. ਸਿੰਘ ਨੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਦੇ ਵਿਵਾਦਪੂਰਨ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਜੀਵ ਗਾਂਧੀ ਦੇ ਕਤਲ ਦਾ ਮਾਮਲਾ ਚੁੱਕਿਆ ਹੈ। ਜਨਰਲ ਵੀ.ਕੇ. ਸਿੰਘ (ਰਿਟਾਇਰਡ) ਨੇ ਟਵੀਟ ਕਰ ਕੇ ਸੀਨੀਅਰ ਨੇਤਾ ਦਿਗਵਿਜੇ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ,''ਇਕ ਅੱਤਵਾਦੀ ਹਮਲੇ ਨੂੰ 'ਹਾਦਸਾ' ਕਰਾਰ ਦੇਣਾ ਸਾਡੇ ਦੇਸ਼ ਦੀ ਸਿਆਸੀ ਚਰਚਾ ਨਹੀਂ ਹੋਣੀ ਚਾਹੀਦੀ। ਦਿਗਵਿਜੇ ਜੀ ਕੀ ਤੁਸੀਂ ਰਾਜੀਵ ਗਾਂਧੀ ਦੇ ਕਤਲ ਨੂੰ ਹਾਦਸਾ ਕਹੋਗੇ? ਇੰਨਾ ਬੇਕਾਰ ਮਜ਼ਾਕ ਨਾਲ ਰਾਸ਼ਟਰ ਅਤੇ ਸਾਡੀ ਹਥਿਆਰਬੰਦ ਫੋਰਸਾਂ ਦਾ ਮਨੋਬਲ ਕਮਜ਼ੋਰ ਨਾ ਕਰੋ।''
ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਸਵੇਰ ਦਿਗਵਿਜੇ ਸਿੰਘ ਨੇ ਬਾਲਾਕੋਟ 'ਚ ਹੋਈ ਭਾਰਤੀ ਹਵਾਈ ਫੌਜ ਦੇ ਹਵਾਈ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਸਿੰਘ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ। ਦਿਗਵਿਜੇ ਨੇ ਕਿਹਾ ਹੈ ਕਿ ਮੋਦੀ ਜੀ ਨੂੰ ਬਾਲਾਕੋਟ ਹਮਲਿਆਂ ਤੋਂ ਬਾਅਦ ਉੱਠ ਰਹੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ। ਸਿੰਘ ਨੇ ਲਿਖਿਆ ਕਿ ਭਾਜਪਾ ਫੌਜ ਦੀ ਸਫ਼ਲਤਾ ਨੂੰ ਆਪਣੀ ਸਫ਼ਲਤਾ ਸਾਬਤ ਕਰ ਕੇ ਚੋਣਾਵੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਦਿਗਵਿਜੇ ਸਿੰਘ ਨੇ ਪੁਲਵਾਮਾ ਅੱਤਵਾਦੀ ਹਮਲੇ ਨੂੰ 'ਹਾਦਸਾ' ਦੱਸਿਆ ਸੀ।