ਬਡਗਾਮ ਤੇ ਸ਼੍ਰੀਨਗਰ ''ਚ ਅੱਤਵਾਦੀ ਹਮਲੇ, 2 ਪੁਲਸ ਮੁਲਾਜ਼ਮ ਸ਼ਹੀਦ
Sunday, Feb 25, 2018 - 09:22 PM (IST)
ਸ਼੍ਰੀਨਗਰ (ਮਜੀਦ)— ਕਸ਼ਮੀਰ ਵਾਦੀ 'ਚ ਐਤਵਾਰ ਵਾਪਰੀਆਂ ਦੋ ਵੱਖ-ਵੱਖ ਅੱਤਵਾਦੀ ਘਟਨਾਵਾਂ ਵਿਚ ਦੋ ਪੁਲਸ ਮੁਲਾਜ਼ਮ ਸ਼ਹੀਦ ਹੋ ਗਏ। ਪਹਿਲੀ ਘਟਨਾ ਅਧੀਨ ਬਡਗਾਂਵ ਜ਼ਿਲੇ 'ਚ ਦਰਗਾਹ ਚਰਾਰ-ਏ-ਸ਼ਰੀਫ ਦੀ ਰਖਵਾਲੀ ਲਈ ਤਾਇਨਾਤ ਇਕ ਪੁਲਸ ਮੁਲਾਜ਼ਮ 'ਤੇ ਐਤਵਾਰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਜਵਾਨ ਸ਼ਹੀਦ ਹੋ ਗਿਆ ਅਤੇ ਅੱਤਵਾਦੀ ਉਸ ਦੀ ਰਾਈਫਲ ਲੈ ਕੇ ਫਰਾਰ ਹੋ ਗਏ। ਸ਼ਹੀਦ ਹੋਏ ਜਵਾਨ ਦੀ ਪਛਾਣ ਕੁਲਤਾਰ ਸਿੰਘ ਵਜੋਂ ਹੋਈ ਹੈ। ਘਟਨਾ ਲਈ ਜ਼ਿੰਮੇਵਾਰ ਅੱਤਵਾਦੀਆਂ ਦੀ ਭਾਲ ਐਤਵਾਰ ਰਾਤ ਦੇਰ ਗਏ ਤਕ ਜਾਰੀ ਸੀ।
ਦੂਜੀ ਘਟਨਾ ਸ਼੍ਰੀਨਗਰ ਦੇ ਸੌਰਾ ਇਲਾਕੇ ਵਿਚ ਵਾਪਰੀ ਜਿਥੇ ਅੱਤਵਾਦੀਆਂ ਨੇ ਹੁਰੀਅਤ ਕਾਨਫਰੰਸ (ਐੱਮ) ਦੇ ਇਕ ਨੇਤਾ ਫਜ਼ਲ-ਹੱਕ ਕੁਰੈਸ਼ੀ ਦੇ ਘਰ 'ਤੇ ਅੱਤਵਾਦੀਆਂ ਨੇ ਫਾਇਰਿੰਗ ਕੀਤੀ। ਸੁਰੱਖਿਆ ਲਈ ਤਾਇਨਾਤ ਇਕ ਪੁਲਸ ਮੁਲਾਜ਼ਮ ਫਾਰੂਕ ਅਹਿਮਦ ਅੱਤਵਾਦੀਆਂ ਹੱਥੋਂ ਸ਼ਹੀਦ ਹੋ ਗਿਆ। ਇਸ ਘਟਨਾ ਵਿਚ ਵੀ ਅੱਤਵਾਦੀ ਸ਼ਹੀਦ ਹੋਏ ਪੁਲਸ ਮੁਲਾਜ਼ਮ ਦੀ ਰਾਈਫਲ ਲੁੱਟ ਕੇ ਲੈ ਗਏ। ਕੁਰੈਸ਼ੀ ਦੀ ਹੱਤਿਆ ਲਈ 9 ਸਾਲ ਪਹਿਲਾਂ ਵੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ।
