ਦੱਖਣੀ ਕਸ਼ਮੀਰ 'ਚ ਅੱਤਵਾਦੀ ਹਮਲਾ, CRPF ਦਾ ਇਕ ਜਵਾਨ ਸ਼ਹੀਦ

04/07/2020 7:26:45 PM

ਸ਼੍ਰੀਨਗਰ — ਦੱਖਣੀ ਕਸ਼ਮੀਰ ਦੇ ਜ਼ਿਲਾ ਅਨੰਤਨਾਗ ਦੇ ਬਿਜਬਿਹਾੜਾ ਇਲਾਕੇ ਵਿਚ ਸੀ. ਆਰ. ਪੀ. ਐੱਫ. ਦੇ ਇਕ ਗਸ਼ਤੀ ਦਲ ’ਤੇ ਕੁਝ ਅੱਤਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 2 ਜਵਾਨ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਚ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਇਕ ਜਵਾਨ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਸ਼ਹੀਦ ਜਵਾਨ ਦੀ ਪਛਾਣ ਸ਼ਿਵ ਲਾਲ ਨੀਤਮ ਦੇ ਤੌਰ ’ਤੇ ਹੋਈ ਹੈ, ਜਦੋਂਕਿ ਜ਼ਖ਼ਮੀ ਜਵਾਨ ਦੀ ਪਛਾਣ ਅਜੇ ਨਹੀਂ ਹੋ ਸਕੀ। ਉਥੇ ਸੀ. ਆਰ. ਪੀ. ਐੱਫ. ਸਮੇਤ ਫੌਜ ਦੇ ਜਵਾਨਾਂ ਨੇ ਹਮਲੇ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਉਥੇ ਸੋਪੋਰ ਦੇ ਗੁਲ ਅਬਦ ਅਰਮਪੋਰਾ ਵਿਚ ਕੁਝ ਅੱਤਵਾਦੀਆਂ ਦੇ ਦੇਖੇ ਜਾਣ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ। ਘੰਟਿਆਂ ਤੱਕ ਚੱਲੀ ਇਸ ਤਲਾਸ਼ੀ ਮੁਹਿੰਮ ਤੋਂ ਬਾਅਦ ਵੀ ਖੇਤਰ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਪੁਸ਼ਟੀ ਨਹੀਂ ਹੋ ਸਕੀ। ਪੁਲਸ ਦਾ ਕਹਿਣਾ ਹੈ ਕਿ ਤਲਾਸ਼ੀ ਮੁਹਿੰਮ ਵਿਚ ਫੌਜ ਦੀ 12 ਆਰ. ਆਰ., ਐੱਸ. ਓ. ਜੀ. ਸੋਪੋਰ, ਸੀ. ਆਰ. ਪੀ. ਐੱਫ. ਦੀ 179 ਅਤੇ 92 ਬਟਾਲੀਅਨ ਦੇ ਜਵਾਨਾਂ ਨੇ ਭਾਗ ਲਿਆ। ਸੁਰੱਖਿਆ ਬਲਾਂ ਨੇ ਗੁਲ ਅਬਦ ਸੋਪੋਰ ਵਿਚ ਘਰ-ਘਰ ਜਾ ਕੇ ਤਲਾਸ਼ੀ ਲਈ ਪਰ ਅੱਤਵਾਦੀ ਨਜ਼ਰ ਨਹੀਂ ਆਏ।

2 ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਦੇਖਣ ਦੀ ਮਿਲੀ ਸੀ ਸੂਚਨਾ

ਸਭ ਤੋਂ ਪਹਿਲਾਂ ਸਵੇਰੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਉੱਤਰੀ ਕਸ਼ਮੀਰ ਦੇ ਹੰਦਵਾੜਾ ਦੇ ਤਾਲਿਆਬਲ ਹਰਨ ਚੋਗਲ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਸੀ। ਸੁਰੱਖਿਆ ਬਲਾਂ ਨੇ ਪਿੰਡ ਵਿਚ ਆਉਣ ਅਤੇ ਬਾਹਰ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਕੇ ਘਰ-ਘਰ ਦੀ ਤਲਾਸ਼ੀ ਲਈ। ਸੁਰੱਖਿਆ ਬਲਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਨੇ ਪਿੰਡ ਵਿਚ ਹਿਜ਼ਬੁਲ ਦੇ 2 ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਦੇਖਿਆ ਹੈ। ਫਿਲਹਾਲ ਕਿਸੇ ਵੀ ਅੱਤਵਾਦੀ ਦੇ ਮਿਲਣ ਦੀ ਸੂਚਨਾ ਨਹੀਂ ਹੈ। ਪਿੰਡ ਦੇ ਹਰ ਰਸਤੇ ’ਤੇ ਨਾਕੇ ਸਥਾਪਿਤ ਕਰ ਦਿੱਤੇ ਹਨ। ਪਿੰਡ ਵਿਚ ਆਉਣ ਅਤੇ ਬਾਹਰ ਜਾਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Inder Prajapati

Content Editor

Related News