ਪੈਗੰਬਰ ਮੁਹੰਮਦ ਦੇ ਅਪਮਾਨ ’ਤੇ ਕਸ਼ਮੀਰ ਦੇ ਕਾਲਜਾਂ ’ਚ ਤਣਾਅ, ਜਗ੍ਹਾ-ਜਗ੍ਹਾ ਅੰਦੋਲਨ
Thursday, Nov 30, 2023 - 04:09 PM (IST)

ਸ਼੍ਰੀਨਗਰ, (ਇੰਟ.)– ਪੈਗੰਬਰ ਮੁਹੰਮਦ ’ਤੇ ਇਕ ਸੋਸ਼ਲ ਮੀਡੀਆ ਪੋਸਟ ਨਾਲ ਜੰਮੂ-ਕਸ਼ਮੀਰ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ’ਚ ਤਣਾਅ ਪੈਦਾ ਹੋ ਗਿਆ ਹੈ। ਸ਼੍ਰੀਨਗਰ ਦੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ (ਐੱਨ. ਆਈ. ਟੀ.) ’ਚ ਇਸ ਦੇ ਵਿਰੁੱਧ ਪ੍ਰਦਰਸ਼ਨ ਵੀ ਹੋਏ ਸਨ ਅਤੇ ਹੁਣ ਦੂਜੇ ਸੰਸਥਾਨਾਂ ’ਚ ਵੀ ਇਸ ਦਾ ਅਸਰ ਦਿਸ ਰਿਹਾ ਹੈ। ਕਸ਼ਮੀਰ ਤੋਂ ਬਾਹਰ ਦੇ ਇਕ ਵਿਦਿਆਰਥੀ ਵਲੋਂ ਪੈਗੰਬਰ ਮੁਹੰਮਦ ’ਤੇ ਕੀਤੀ ਗਈ ਸੋਸ਼ਲ ਮੀਡੀਆ ਪੋਸਟ ਨਾਲ ਮਾਹੌਲ ਵਿਗੜ ਗਿਆ। ਅਜਿਹੇ ’ਚ ਸੁਰੱਖਿਆ ਦਸਤਿਆਂ ਲਈ ਇਸ ਨਾਲ ਨਜਿੱਠਣਾ ਇਕ ਚੁਣੌਤੀ ਹੋਵੇਗੀ। ਸੰਸਥਾਵਾਂ ’ਚ ਸੁਰੱਖਿਆ ਦਸਤਿਆਂ ਦੀ ਮੌਜੂਦਗੀ ਵੀ ਹਾਂ-ਪੱਖੀ ਨਹੀਂ ਹੋਵੇਗੀ ਅਤੇ ਮਾਹੌਲ ਜ਼ਿਆਦਾ ਵਿਗੜਣ ’ਤੇ ਤਣਾਅ ਫੈਲਣ ਦਾ ਵੀ ਡਰ ਹੈ।
ਫਿਲਹਾਲ ਐੱਨ. ਆਈ. ਟੀ. ’ਚ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਸਾਰੀਆਂ ਗਤੀਵਿਧੀਆਂ ਰੋਕ ਦਿੱਤੀਆਂ ਗਈਆਂ ਹਨ। ਸੰਸਥਾ ’ਚ ਪੁਲਸ ਅਤੇ ਨੀਫ ਫੌਜੀ ਦਸਤਿਆਂ ਦੀ ਤੈਨਾਤੀ ਕੀਤੀ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸੰਸਥਾ ’ਚ ਕਿਸੇ ਬਾਹਰੀ ਵਿਅਕਤੀ, ਵਿਦਿਆਰਥੀ ਅਤੇ ਇਥੋਂ ਤੱਕ ਕਿ ਕਰਮਚਾਰੀਆਂ ਤੱਕ ਦੀ ਐਂਟਰੀ ’ਤੇ ਰੋਕ ਲਗਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਪੈਗੰਬਰ ’ਤੇ ਟਿੱਪਣੀ ਕਰਨ ਵਾਲੇ ਵਿਦਿਆਰਥੀ ਨੂੰ ਇਕ ਸਾਲ ਲਈ ਕੈਂਪਸ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਕਤ ਵਿਦਿਆਰਥੀ ਵਿਰੁੱਧ ਹੋਰ ਵੀ ਸਖਤ ਐਕਸ਼ਨ ਲੈਣ ਦੀ ਲੋੜ ਹੈ। ਇਸ ਮੰਗ ਨੂੰ ਲੈ ਕੇ ਵੱਡੀ ਗਿਣਤੀ ’ਚ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ। ਇੰਨਾ ਹੀ ਨਹੀਂ ਹੁਣ ਇਹ ਪੈਗੰਬਰ ਦੇ ਅਪਮਾਨ ਦਾ ਮੁੱਦਾ ਬਣ ਗਿਆ ਹੈ। ਬੁੱਧਵਾਰ ਨੂੰ ਕਈ ਜਗ੍ਹਾ ’ਤੇ ਵਿਰੋਧ ਪ੍ਰਦਰਸ਼ਨ ਹੋਏ। ਇਕ ਸੀਨੀਅਰ ਪੁਲ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਪੋਸਟ ਰਾਹੀਂ ਫਿਰਕੂ ਤਣਾਅ ਅਤੇ ਨਫਰਤ ਵਧਾਉਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਿਸੇ ਧਰਮ ਦੇ ਅਪਮਾਨ ਦੇ ਦੋਸ਼ ’ਚ ਵੀ ਕੇਸ ਦਰਜ ਹੋਇਆ ਹੈ। ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਰਜਿਸਟ੍ਰਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਉੱਧਰ ਸ਼੍ਰੀਨਗਰ ਦੇ ਅਮਰ ਸਿੰਘ ਕਾਲਜ ਦੇ ਵਿਦਿਆਰਥੀਆਂ ਨੇ ਵੀ ਬੁੱਧਵਾਰ ਨੂੰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਸ਼੍ਰੀਨਗਰ ਦੇ ਹੀ ਡਾਊਨਟਾਊਨ ਇਲਾਕੇ ’ਚ ਸਥਿਤ ਇਸਲਾਮੀਆ ਕਾਲਜ ’ਚ ਵੀ ਪ੍ਰਦਰਸ਼ਨ ਹੋਏ।
ਸ਼੍ਰੀਨਗਰ ਐੱਨ. ਆਈ. ਟੀ. ਦੇ ਵਿਦਿਆਰਥੀਆਂ ਵਿਰੁੱਧ ਸ਼ਿਕਾਇਤ ਦਰਜ
ਇਕ ਵਿਸ਼ੇਸ਼ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ ਵਾਲੀ ਸੰਵੇਦਨਸ਼ੀਲ ਸਮੱਗਰੀ ਅਪਲੋਡ ਕਰਨ ਲਈ ਸ਼੍ਰੀਨਗਰ ਸਥਿਤ ਰਾਸ਼ਟਰੀ ਤਕਨੀਕੀ ਸੰਸਥਾਨ (ਐੱਨ. ਆਈ. ਟੀ.) ਦੇ ਇਕ ਵਿਦਿਆਰਥੀ ਵਿਰੁੱਧ ਕਸ਼ਮੀਰ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਐੱਨ. ਆਈ. ਟੀ. ਅਧਿਕਾਰੀਆਂ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਇਸ ਸਬੰਧ ’ਚ ਲੰਘੀ 28 ਨਵੰਬਰ ਨੂੰ ਨਿਗੀਨ ਥਾਣੇ ’ਚ ਸ਼ਿਕਾਇਤ ਦਰਜ ਕੀਤੀ ਗਈ ਹੈ।