ਇਕ ਟਵੀਟ ਕਾਰਣ ਭਾਜਪਾ ''ਚ ਵੱਡਾ ਅਹੁਦਾ ਹਾਸਲ ਨਹੀਂ ਕਰ ਸਕਣਗੇ ਤੇਜਸਵੀ ਸੂਰਿਆ!
Wednesday, May 20, 2020 - 07:54 PM (IST)
ਨਵੀਂ ਦਿੱਲੀ -ਅਜਿਹਾ ਲੱਗਦਾ ਹੈ ਕਿ ਭਾਜਪਾ ਦੇ ਉਭਰਦੇ ਸਿਤਾਰੇ ਲੋਕ ਸਭਾ ਮੈਂਬਰ ਤੇਜਸਵੀ ਸੂਰਿਆ ਨੇ ਨੌਜਵਾਨ ਮੋਰਚਾ ਦਾ ਰਾਸ਼ਟਰੀ ਪ੍ਰਧਾਨ ਬਣਨ ਦਾ ਮੌਕਾ ਖੁੰਝ ਦਿੱਤਾ ਹੈ। ਸਵਰਗੀ ਅਨੰਥ ਕੁਮਾਰ ਦੀ ਥਾਂ ਲੈਣ ਵਾਲਾ ਕਰਨਾਟਕ ਦਾ ਇਹ ਨੌਜਵਾਨ ਨੇਤਾ ਹਿੰਦੁਤਵਵਾਦੀ ਛਵੀ ਅਤੇ ਕਾਂਗਰਸ 'ਤੇ ਤਿੱਖੇ ਹਮਲਿਆਂ ਲਈ ਸੁਰਖੀਆਂ ਵਿਚ ਆਇਆ। ਸੰਸਦ 'ਚ ਬਹਿਸ ਦੌਰਾਨ ਵੀ ਉਸ ਨੇ ਪਾਰਟੀ ਦੀ ਅਗਵਾਈ ਨੂੰ ਪ੍ਰਭਾਵਿਤ ਕੀਤਾ ਅਤੇ ਨੌਜਵਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਅਹੁਦੇ ਲਈ ਪਸੰਦੀਦਾ ਉਮੀਦਵਾਰ ਵਜੋਂ ਉਭਰ ਕੇ ਸਾਹਮਣੇ ਆਇਆ।
ਭਾਜਪਾ ਦੀ ਅਗਵਾਈ ਵਿਚ ਸਰਵ ਸੰਮਤੀ ਨਾਲ ਤੇਜਸਵੀ ਦੀ ਨਿਯੁਕਤੀ ਦਾ ਫੈਸਲਾ ਕੀਤਾ ਅਤੇ ਪਾਰਟੀ ਮੁਖੀ ਜੇ.ਪੀ. ਨੱਡਾ ਮਹਾਰਾਸ਼ਟਰ ਦੀ ਪੂਨਮ ਮਹਾਜਨ ਨੂੰ ਹਟਾ ਕੇ ਤੇਜਸਵੀ ਯਾਦਵ ਨੂੰ ਉਨ੍ਹਾਂ ਦਾ ਅਹੁਦਾ ਸੌਂਪਣ ਹੀ ਵਾਲੇ ਸਨ। ਮਹਾਜਨ ਨੇ ਨੌਜਵਾਨ ਮੋਰਚਾ ਪ੍ਰਧਾਨ ਵਜੋਂ ਆਪਣਾ 3 ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਸੀ ਅਤੇ ਉਨ੍ਹਾਂ ਦੀ ਪ੍ਰਮੋਸ਼ਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਦੀ ਨਿਯੁਕਤੀ ਦਸੰਬਰ 2016 'ਚ ਹੋਈ ਸੀ। ਹਾਲਾਂਕਿ ਇਸ ਦੌਰਾਨ ਤੇਜਸਵੀ ਸੂਰਿਆ ਦਾ 2015 'ਚ ਇਕ ਅਰਬ ਔਰਤਾਂ 'ਤੇ ਕੀਤਾ ਅਪਮਾਨਜਨਕ ਟਵੀਟ ਫਿਰ ਸੋਸ਼ਲ ਮੀਡੀਆ 'ਤੇ ਛਾ ਗਿਆ। ਇਸ ਟਵੀਟ ਨੂੰ ਤੇਜਸਵੀ ਨੇ ਹੁਣ ਡਿਲੀਟ ਕਰ ਦਿੱਤਾ ਹੈ। ਇਸ ਟਵੀਟ ਨੇ ਉਦੋਂ ਤੂਲ ਫੜਿਆ ਜਦੋਂ ਦੁਬਈ ਦੀ ਕਾਰੋਬਾਰੀ ਨੂਰਾ ਅਲਘੁਰੈਰ ਨੇ ਇਸ ਦਾ ਸਕ੍ਰੀਨ ਸ਼ਾਟ ਪੋਸਟ ਕੀਤਾ। ਪੋਸਟ 'ਚ ਤੇਜਸਵੀ ਸੂਰਿਆ ਨੇ ਲੇਖਕ ਤਾਰਿਕ ਫਤੇਹ ਦੇ ਹਵਾਲੇ ਤੋਂ ਅਰਬ ਦੀਆਂ ਔਰਤਾਂ ਖਿਲਾਫ ਇਕ ਟਿੱਪਣੀ ਲਿਖੀ ਸੀ।
ਇਸ ਸਭ ਦੇ ਵਿਚਾਲੇ ਪਿਛਲੇ ਹਫਤੇ ਉਸ ਸਮੇਂ ਵੀ ਵਿਵਾਦ ਪੈਦਾ ਹੋ ਗਿਆ, ਜਦੋਂ ਸੰਯੁਕਤ ਅਰਬ ਅਮੀਰਾਤ ਦੀ ਰਾਜਕੁਮਾਰੀ ਹੇਂਦ ਅਲ ਕਾਸਿਮੀ ਨੇ ਹੇਟ ਸਪੀਚ ਖਿਲਾਫ ਕਾਨੂੰਨ ਬਾਰੇ ਸਕ੍ਰੀਨ ਸ਼ਾਟ ਨੂੰ ਟਵੀਟ ਕੀਤਾ। ਕਾਸਿਮੀ ਨੇ ਟਵੀਟ 'ਚ ਲਿਖਿਆ ਕਿ ਹੇਟ ਸਪੀਚ ਨੂੰ ਲੈ ਕੇ ਕਾਨੂੰਨ ਦੇਸ਼ 'ਚ ਰਹਿਣ ਵਾਲੇ ਸਾਰੇ ਲੋਕਾਂ 'ਤੇ ਲਾਗੂ ਹੁੰਦਾ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਕੁਝ ਲੋਕ ਕੋਰੋਨਾ ਨੂੰ ਇਕ ਧਰਮ ਵਿਸ਼ੇਸ਼ ਨਾਲ ਜੋੜਦੇ ਹੋਏ ਟਿੱਪਣੀਆਂ ਕਰ ਰਹੇ ਸਨ। ਇਸ 'ਤੇ ਭਾਰਤ ਦੇ ਦੂਤ ਪਵਨ ਕਪੂਰ ਨੇ ਯੂ.ਏ.ਈ. 'ਚ ਰਹਿਣ ਵਾਲੇ ਭਾਰਤੀਆਂ ਨਾਲ ਫਿਰਕੂ ਟਿੱਪਣੀਆਂ ਤੋਂ ਬਚਣ ਨੂੰ ਕਿਹਾ। ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ ਭਾਰਤ ਅਤੇ ਯੂ.ਏ.ਈ. ਆਪਣੇ ਇਥੇ ਧਰਮ ਦੇ ਆਧਾਰ 'ਤੇ ਭੇਦਭਾਵ ਦੀ ਇਜਾਜ਼ਤ ਨਹੀਂ ਦਿੰਦੇ ਹਨ, ਭੇਦਭਾਵ ਸਾਡੀਆਂ ਕਦਰਾਂ ਕੀਮਤਾਂ ਅਤੇ ਕਾਨੂੰਨ ਖਿਲਾਫ ਹਨ। ਯੂ.ਏ.ਈ. 'ਚ ਰਹਿਣ ਵਾਲੇ ਭਾਰਤੀਆਂ ਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
ਓਧਰ ਤੇਜਸਵੀ ਸੂਰਿਆ ਨੇ ਆਪਣੀ ਸਫਾਈ 'ਚ ਕਿਹਾ ਕਿ ਜਦੋਂ ਉਨ੍ਹਾਂ ਨੇ ਉਹ ਟਵੀਟ ਪੋਸਟ ਕੀਤਾ ਸੀ, ਉਦੋਂ ਉਨ੍ਹਾਂ ਨੇ ਰਾਜਨੇਤਾ ਵਜੋਂ ਆਪਣਾ ਕਰੀਅਰ ਸ਼ੁਰੂ ਨਹੀਂ ਕੀਤਾ ਸੀ। ਤੇਜਸਵੀ ਦੀ ਸਫਾਈ ਦੇ ਬਾਵਜੂਦ ਉਨ੍ਹਾਂ ਦੀ ਤਰੱਕੀ ਅੱਧ ਵਿਚਾਲੇ ਲਟਕ ਗਈ ਲੱਗਦੀ ਹੈ।