ਤੇਜਸ ਐਕਸਪ੍ਰੈੱਸ ਦੇ ਮੁਸਾਫਿਰਾਂ ਨੂੰ ਮਿਲੇਗਾ 25 ਲੱਖ ਰੁਪਏ ਦਾ ਮੁਫਤ ਬੀਮਾ

10/02/2019 4:13:50 PM

ਨਵੀਂ ਦਿੱਲੀ — 4 ਅਕਤੂਬਰ ਨੂੰ ਲਖਨਊ ਤੋਂ ਦਿੱਲੀ ਲਈ ਚੱਲਣ ਵਾਲੀ ਤੇਜਸ ਐਕਸਪ੍ਰੈੱਸ ’ਚ ਸਫਰ ਕਰਨ ਵਾਲੇ ਮੁਸਾਫਿਰਾਂ ਲਈ ਚੰਗੀ ਖਬਰ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਤੇਜਸ ਐਕਸਪ੍ਰੈੱਸ ਦੇ ਮੁਸਾਫਿਰਾਂ ਨੂੰ 25 ਲੱਖ ਰੁਪਏ ਦੇ ਮੁਫਤ ਬੀਮੇ ਦੀ ਸਹੂਲਤ ਦੇਵੇਗੀ, ਨਾਲ ਹੀ ਯਾਤਰਾ ਬੀਮਾ ਵਿਚ ਸਫਰ ਦੌਰਾਨ ਚੋਰੀ ਜਾਂ ਡਕੈਤੀ ’ਤੇ ਸਾਮਾਨ ’ਤੇ 1 ਲੱਖ ਰੁਪਏ ਦਾ ਕਵਰ ਮਿਲੇਗਾ।

ਟਰੇਨ ਲੇਟ ਹੋਈ ਤਾਂ ਮਿਲੇਗਾ ਮੁਆਵਜ਼ਾ

ਤੇਜਸ ਐਕਸਪ੍ਰੈੱਸ ਦੇ ਲੇਟ ਹੋਣ ਦੀ ਹਾਲਤ ਵਿਚ ਮੁਸਾਫਿਰਾਂ ਨੂੰ ਅੰਸ਼ਿਕ ਰੀਫੰਡ ਦਿੱਤਾ ਜਾਏਗਾ। ਟਰੇਨ 1 ਘੰਟੇ ਤੋਂ ਕੁਝ ਵੱਧ ਲੇਟ ਹੁੰਦੀ ਹੈ ਤਾਂ ਮੁਸਾਫਿਰਾਂ ਨੂੰ 100-100 ਰੁਪਏ ਅਤੇ 2 ਘੰਟਿਆਂ ਤੋਂ ਵੱਧ ਲੇਟ ਹੋਣ ’ਤੇ 250-250 ਰੁਪਏ ਦਾ ਰੀਫੰਡ ਦਿੱਤਾ ਜਾਏਗਾ। ਰੀਫੰਡ ਹਾਸਲ ਕਰਨ ਲਈ ਆਈ. ਆਰ. ਸੀ. ਟੀ. ਸੀ. ਈ-ਵਾਲੇਟ ਜਾਂ ਅਗਲੀ ਟਰੇਨ ਦੀ ਟਿਕਟ ਬੁਕਿੰਗ ’ਤੇ ਛੋਟ ਦੇਣ ਦੀ ਆਪਸ਼ਨ ’ਤੇ ਕੰਮ ਹੋ ਰਿਹਾ ਹੈ। ਤੇਜਸ ਨੂੰ ਭਾਰਤ ਦੀ ਪਹਿਲੀ ਪ੍ਰਾਈਵੇਟ ਟਰੇਨ ਕਿਹਾ ਜਾ ਰਿਹਾ ਹੈ। ਤੇਜਸ ਐਕਸਪ੍ਰੈੱਸ ਨਿਜੀ ਕੰਪਨੀਆਂ ਵਲੋਂ ਸੰਚਾਲਤ ਪਹਿਲੀ ਟਰੇਨ ਹੈ। ਤੇਜਸ ਦੀ ਨਿਗਰਾਨੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਟ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੂੰ ਦਿੱਤੀ ਜਾਵੇਗੀ, ਜੋ ਇਸ ਦਾ ਭੁਗਤਾਨ ਕਰੇਗੀ। 

PunjabKesari

ਟਰੇਨ 'ਚ ਜਹਾਜ਼ ਵਾਂਗ ਹਰ ਵਿਅਕਤੀ ਨੂੰ ਔਨ-ਬੋਰਡ ਵਾਈ-ਫਾਈ ਸੇਵਾ, ਆਰਾਮਦਾਇਕ ਸੀਟਾਂ, ਮੋਬਾਇਲ ਚਾਰਜਿੰਗ, ਵਿਅਕਤੀਗਤ ਰੀਡਿੰਗ ਲਾਈਟਸ, ਐੱਲ. ਸੀ. ਡੀ. ਇੰਟਰਟੇਨਮੈਂਟ ਸਕ੍ਰੀਨ, ਸੈਂਸਰ ਟੇਪ ਫਿਟਿੰਗ ਦੀਆਂ ਸਹੂਲਤਾਂ ਹੋਣਗੀਆਂ। ਤੇਜਸ ਐਕਸਪ੍ਰੈੱਸ 'ਚ ਕੁੱਲ 758 ਯਾਤਰੀ ਸਫਰ ਕਰ ਸਕਣਗੇ।

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਦਿੱਲੀ ਤਕ ਦੇ 'ਤੇਜਸ' ਪਹਿਲਾ ਸਫਰ ਯਾਤਰੀਆਂ ਲਈ ਸ਼ਾਨਦਾਰ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ 4 ਅਕਤੂਬਰ ਨੂੰ ਲਖਨਊ ਜੰਕਸ਼ਨ ਤੋਂ ਇਸ ਤੇਜਸ ਟਰੇਨ ਨੂੰ ਦਿੱਲੀ ਲਈ ਰਵਾਨਾ ਕਰਨਗੇ। ਏਅਰਲਾਈਨ ਦੀ ਪਹਿਲੀ ਉਡਾਣ ਦੀ ਤਰਜ਼ 'ਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਤੇਜਸ 'ਚ ਪਹਿਲਾ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੀ ਤੋਹਫ਼ਾ ਦੇਵੇਗਾ। ਯਾਤਰੀਆਂ ਨੂੰ ਆਈ. ਆਰ. ਸੀ. ਟੀ. ਸੀ. ਲਾਜਵਾਬ ਭੋਜਨ ਖੁਆਏਗਾ। ਇਸ ਲਈ ਯਾਤਰੀਆਂ ਤੋਂ ਖਾਣ-ਪੀਣ ਫੀਸ ਨਹੀਂ ਲਈ ਜਾਵੇਗੀ। 

ਮੁੱਖ ਮੰਤਰੀ ਦੇ ਉਦਘਾਟਨ ਕਰਨ ਦੀ ਸੂਚਨਾ ਮਿਲਦੇ ਹੀ ਰੇਲਵੇ ਹਰਕਤ ਵਿਚ ਆ ਗਿਆ ਹੈ। ਰੇਲਵੇ ਨੇ ਪ੍ਰੋਗਰਾਮ ਵਾਲੀ ਥਾਂ ਨੂੰ ਸੰਵਾਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। 4 ਅਕਤੂਬਰ ਨੂੰ ਆਈ. ਆਰ. ਸੀ. ਟੀ. ਸੀ. ਤੇਜਸ ਸਪੈਸ਼ਲ ਲਖਨਊ ਜੰਕਸ਼ਨ ਦੇ ਪਲੇਟਫਾਰਮ ਨੰਬਰ-6 ਤੋਂ ਸਵੇਰੇ 9:30 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 4:00 ਵਜੇ ਨਵੀਂ ਦਿੱਲੀ ਪਹੁੰਚੇਗੀ। ਇਸ ਟਰੇਨ 'ਚ 4 ਫਰਵਰੀ ਦੀ ਸੀਟ ਦੀ ਬੁਕਿੰਗ ਕਰਾਉਣ 'ਤੇ ਆਈ. ਆਰ. ਸੀ. ਟੀ. ਸੀ. ਉਨ੍ਹਾਂ ਤੋਂ ਖਾਣ-ਪੀਣ ਦੇ ਪੈਸੇ ਨਹੀਂ ਲੈ ਰਿਹਾ।


Related News