''ਇੰਡੀਗੋ'' ਦੀ ਫਲਾਈਟ ''ਚ ਆਈ ਤਕਨੀਕੀ ਖਰਾਬੀ, ਕਈ ਘੰਟੇ ਤੱਕ ਫਸੇ ਰਹੇ ਯਾਤਰੀ
Sunday, Sep 15, 2024 - 03:45 PM (IST)
ਮੁੰਬਈ- ਮੁੰਬਈ ਤੋਂ ਦੋਹਾ ਜਾਣ ਵਾਲੀ ਇੰਡੀਗੋ ਦੀ ਇਕ ਉਡਾਣ ਦੇ ਯਾਤਰੀਆਂ ਨੂੰ ਐਤਵਾਰ ਨੂੰ ਫਲਾਈਟ ਵਿਚ 5 ਘੰਟੇ ਦੀ ਦੇਰੀ ਹੋਈ। ਦਰਅਸਲ ਤਕਨੀਕੀ ਖਰਾਬੀ ਕਾਰਨ ਉਡਾਣ 'ਚ ਦੇਰੀ ਹੋਈ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੁਝ ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਉਡਾਣ ਵਿਚ ਦੇਰੀ ਕਾਰਨ ਕਾਫੀ ਦੇਰ ਤੱਕ ਜਹਾਜ਼ ਵਿਚ ਹੀ ਉਡੀਕ ਕਰਨੀ ਪਈ। ਇਸ ਜਹਾਜ਼ ਨੂੰ ਐਤਵਾਰ ਤੜਕੇ ਉਡਾਣ ਭਰਨੀ ਸੀ।
ਏਅਰਲਾਈਨ ਕੰਪਨੀ 'ਇੰਡੀਗੋ' ਨੇ ਕਿਹਾ ਕਿ ਮੁੰਬਈ ਤੋਂ ਦੋਹਾ ਲਈ ਉਡਾਣ ਭਰਨ ਵਾਲੀ ਫਲਾਈਟ ਨੰਬਰ-6E1303 ਵਿਚ ਤਕਨੀਕੀ ਕਾਰਨਾਂ ਤੋਂ ਦੇਰੀ ਹੋਈ। ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਨੇ ਕਈ ਵਾਰ ਆਪਣੀ ਮੰਜ਼ਿਲ ਲਈ ਉਡਾਣ ਭਰਨ ਦੀ ਕੋਸ਼ਿਸ਼ ਕੀਤੀ ਪਰ ਵੱਖ-ਵੱਖ ਪ੍ਰਕਿਰਿਆਵਾਂ ਦੇ ਚੱਲਦੇ ਵਾਰ-ਵਾਰ ਹੋਣ ਵਾਲੀ ਦੇਰੀ ਕਾਰਨ ਅਖ਼ੀਰ ਇਸ ਨੂੰ ਰੱਦ ਕਰਨਾ ਪਿਆ।
ਅਸੁਵਿਧਾ ਲਈ ਅਫਸੋਸ ਪ੍ਰਗਟ ਕਰਦੇ ਹੋਏ ਇੰਡੀਗੋ ਨੇ ਕਿਹਾ ਕਿ ਉਸ ਦੀ ਏਅਰਪੋਰਟ ਟੀਮ ਨੇ ਪ੍ਰਭਾਵਿਤ ਯਾਤਰੀਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਅਤੇ ਰਿਫਰੈਸ਼ਮੈਂਟ ਅਤੇ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ। ਐਤਵਾਰ ਸਵੇਰੇ ਜਹਾਜ਼ 'ਚ ਸਵਾਰ ਇਕ ਯਾਤਰੀ ਨੇ 'ਐਕਸ' 'ਤੇ ਦੱਸਿਆ ਕਿ ਮੁੰਬਈ-ਦੋਹਾ ਦੀ ਇੰਡੀਗੋ ਦੀ ਫਲਾਈ ਨੂੰ ਸਵੇਰੇ 3.55 ਵਜੇ ਉਡਾਣ ਭਰਨੀ ਸੀ ਪਰ ਤਕਨੀਕੀ ਖਰਾਬੀ ਕਾਰਨ ਜਹਾਜ਼ ਚਾਰ ਘੰਟੇ ਤੱਕ ਫਸਿਆ ਰਿਹਾ ਅਤੇ ਇਮੀਗ੍ਰੇਸ਼ਨ ਅਧਿਕਾਰੀ ਯਾਤਰੀਆਂ ਨੂੰ ਜਹਾਜ਼ 'ਚੋਂ ਉਤਰਨ ਦੀ ਇਜਾਜ਼ਤ ਵੀ ਨਹੀਂ ਦੇ ਰਹੇ। ਮੀਡੀਆ ਰਿਪੋਰਟਾਂ ਮੁਤਾਬਕ ਯਾਤਰੀਆਂ ਨੂੰ ਕਰੀਬ 5 ਘੰਟੇ ਤੱਕ ਜਹਾਜ਼ ਅੰਦਰ ਹੀ ਉਡੀਕ ਕਰਨੀ ਪਈ। ਕਰੀਬ 300 ਯਾਤਰੀਆਂ ਏਅਰਪੋਰਟ 'ਤੇ ਫਸੇ ਰਹੇ।