Teachers day: ਭਾਰਤ ਦੇ ਇਸ ਸਾਬਕਾ ਰਾਸ਼ਟਰਪਤੀ ਦੇ ਜਨਮ ਦਿਨ ''ਤੇ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ

09/05/2020 11:09:09 AM

ਨਵੀਂ ਦਿੱਲੀ— ਸਾਡਾ ਦੇਸ਼ ਭਾਰਤ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰ ਦਾ ਸੁਮੇਲ ਹੈ। ਹੋਲੀ, ਲੋਹੜੀ ਅਤੇ ਦੀਵਾਲੀ ਵਾਂਗ ਅਧਿਆਪਕ ਦਿਵਸ ਵੀ ਸਾਡੇ ਦੇਸ਼ ਵਿਚ ਵੱਡੇ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਸਨਮਾਨ ਦੇ ਰੂਪ 'ਚ ਮਨਾਇਆ ਜਾਂਦਾ ਹੈ। ਅਧਿਆਪਕ, ਜਿਸ ਦੇ ਹੱਥ 'ਚ ਦੇਸ਼ ਦਾ ਭਵਿੱਖ ਸੰਵਾਰਨ ਦੀ ਚਾਬੀ ਹੁੰਦੀ ਹੈ। ਅਧਿਆਪਕ ਹੀ ਸਾਨੂੰ ਅਗਿਆਨਤਾ ਦੇ ਹਨ੍ਹੇਰੇ 'ਚੋਂ ਬਾਹਰ ਕੱਢਦੇ ਹਨ ਅਤੇ ਇਕ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰਦੇ ਹਨ। ਹਰ ਵਿਦਿਆਰਥੀ ਦੀ ਜ਼ਿੰਦਗੀ ਵਿਚ ਅਧਿਆਪਕ ਦਾ ਵਡਮੁੱਲਾ ਯੋਗਦਾਨ ਰਹਿੰਦਾ ਹੈ। ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀ। ਸਾਲ 1962 ਤੋਂ ਉਨ੍ਹਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਦੇਸ਼ ਦੇ ਪਹਿਲੇ ਉੱਪ ਰਾਸ਼ਟਰਪਤੀ (1952-1962) ਅਤੇ ਦੇਸ਼ ਦੇ ਦੂਜੇ ਰਾਸ਼ਟਰਪਤੀ (1962-1967) ਦੇ ਰੂਪ ਵਿਚ ਸੇਵਾ ਕੀਤੀ ਸੀ। ਇਸ ਦੇ ਨਾਲ ਹੀ ਉਹ ਮਹਾਨ ਦਾਰਸ਼ਨਿਕ, ਬਿਹਤਰੀਨ ਅਧਿਆਪਕ ਅਤੇ ਰਾਜਨੇਤਾ ਸਨ।
ਰਾਧਾਕ੍ਰਿਸ਼ਨਨ ਨੇ ਇਕ ਪ੍ਰਸਿੱਧ ਵਿਚਾਰ 'ਚ ਕਿਹਾ ਸੀ ਕਿ ਜੇਕਰ ਮੇਰਾ ਜਨਮ ਦਿਨ ਮਨਾਉਣ ਦੀ ਬਜਾਏ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਤਾਂ ਇਹ ਮੇਰੀ ਲਈ ਮਾਣ ਸਨਮਾਨ ਵਾਲੀ ਗੱਲ ਹੋਵੇਗੀ। ਇਸ ਦਿਨ ਵਿਦਿਆਰਥੀ ਪੂਰੇ ਦੇਸ਼ ਵਿਚ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਨ। ਹਾਲਾਂਕਿ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਦਾ ਦੌਰ ਹੈ, ਜਿਸ ਕਾਰਨ ਸਕੂਲ-ਕਾਲਜ ਬੰਦ ਹਨ ਤਾਂ ਜ਼ਾਹਰ ਹੈ ਕਿ ਆਨਲਾਈਨ ਹੀ ਅਧਿਆਪਕ ਦਿਵਸ ਮਨਾਇਆ ਜਾਵੇਗਾ।
ਆਓ ਜਾਣਦੇ ਹਾਂ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਬਾਰੇ—
-ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਕਹਿਣਾ ਸੀ ਕਿ ਸਿੱਖਿਆ ਦਾ ਮਤਲਬ ਸਿਰਫ ਜਾਣਾਕਾਰੀ ਦੇਣਾ ਹੀ ਨਹੀਂ ਹੈ। ਜਾਣਕਾਰੀ ਦਾ ਆਪਣਾ ਮਹੱਤਵ ਹੈ ਪਰ ਬੌਧਿਕ ਝੁਕਾਅ ਅਤੇ ਲੋਕਤੰਤਰੀ ਭਾਵਨਾ ਦਾ ਵੀ ਮਹੱਤਵ ਹੈ, ਕਿਉਂਕਿ ਇਨ੍ਹਾਂ ਭਾਵਨਾਵਾਂ ਨਾਲ ਵਿਦਿਆਰਥੀ ਚੰਗੇ ਨਾਗਰਿਕ ਬਣਦੇ ਹਨ। ਰਾਧਾਕ੍ਰਿਸ਼ਨਨ ਮੰਨਦੇ ਸਨ ਕਿ ਜਦੋਂ ਤੱਕ ਅਧਿਆਪਕ ਸਿੱਖਿਆ ਪ੍ਰਤੀ ਸਮਰਪਿਤ ਅਤੇ ਵਚਨਬੱਧ ਨਹੀਂ ਹੋਵੇਗਾ, ਉਦੋਂ ਤੱਕ ਸਿੱਖਿਆ ਨੂੰ ਮਿਸ਼ਨ ਦਾ ਰੂਪ ਨਹੀਂ ਮਿਲ ਸਕੇਗਾ।
ਆਪਣੀ ਜ਼ਿੰਦਗੀ ਵਿਚ ਆਦਰਸ਼ ਅਧਿਆਪਕ ਰਹੇ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ 5 ਸਤੰਬਰ 1988 ਨੂੰ ਤਾਮਿਲਨਾਡੂ ਦੇ ਤਿਰੂਤਨੀ ਪਿੰਡ ਵਿਚ ਹੋਇਆ ਸੀ। ਇਨ੍ਹਾਂ ਦੇ ਪਿਤਾ ਸਰਵਪੱਲੀ ਵੀਰਾਸੁਆਮੀ ਮਾਲੀਆ ਮਹਿਕਮੇ ਵਿਚ ਕੰਮ ਕਰਦੇ ਸਨ। ਇਨ੍ਹਾਂ ਦੀ ਮਾਂ ਸੀਤਮਾ ਸੀ। ਰਾਧਾਕ੍ਰਿਸ਼ਨਨ ਦੀ ਸ਼ੁਰੂਆਤੀ ਸਿੱਖਿਆ ਲੂਨਰਥ ਮਿਸ਼ਨਰੀ ਸਕੂਲ, ਤਿਰੂਪਤੀ ਅਤੇ ਵੇਲੂਰ ਵਿਚ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਮਦਰਾਸ ਕ੍ਰਿਸ਼ੀਅਨ ਕਾਲਜ ਵਿਚ ਪੜ੍ਹਾਈ ਕੀਤੀ। ਸਾਲ 1903 ਵਿਚ ਸਿਵਾਕਾਮੂ ਨਾਲ ਉਨ੍ਹਾਂ ਦਾ ਵਿਆਹ ਹੋਇਆ।
ਰਾਧਾਕ੍ਰਿਸ਼ਨਨ ਨੇ 12 ਸਾਲ ਦੀ ਉਮਰ ਵਿਚ ਹੀ ਬਾਈਬਲ ਅਤੇ ਸੁਆਮੀ ਵਿਵੇਕਾਨੰਦ ਦੇ ਦਰਸ਼ਨ ਦਾ ਅਧਿਐਨ ਕਰ ਲਿਆ ਸੀ। ਉਨ੍ਹਾਂ ਨੇ ਦਰਸ਼ਨ ਸ਼ਾਸਤਰ ਵਿਚ ਐੱਮ. ਏ. ਕੀਤੀ ਅਤੇ 1916 ਵਿਚ ਮਦਰਾਸ ਰੈਜ਼ੀਡੈਂਸੀ ਕਾਲਜ ਵਿਚ ਸਹਾਇਕ ਅਧਿਆਪਕ ਦੇ ਤੌਰ 'ਤੇ ਉਨ੍ਹਾਂ ਦੀ ਨਿਯੁਕਤੀ ਹੋਈ। ਉਨ੍ਹਾਂ ਨੇ 40 ਸਾਲ ਤੱਕ ਅਧਿਆਪਕ ਰੂਪ ਵਿਚ ਕੰਮ ਕੀਤਾ।
ਰਾਧਾਕ੍ਰਿਸ਼ਨਨ 1931 ਤੋਂ 1936 ਤੱਕ ਆਂਧਰਾ ਯੂਨੀਵਰਸਿਟੀ ਦੇ ਕੁਲਪਤੀ ਰਹੇ। ਇਸ ਤੋਂ ਬਾਅਦ 1936 ਤੋਂ 1952 ਤੱਕ ਆਕਸਫੋਰਡ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਰਹੇ। ਸਾਲ 1939 ਤੋਂ 1948 ਤੱਕ ਉਹ ਕਾਂਸ਼ੀ ਹਿੰਦੂ ਯੂਨੀਵਰਸਿਟੀ ਦੇ ਕੁਲਪਤੀ ਰਹੇ। ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਦਾ ਡੂੰਘਾ ਅਧਿਐਨ ਕੀਤਾ। 
ਸਾਲ 1952 ਵਿਚ ਉਨ੍ਹਾਂ ਨੂੰ ਭਾਰਤ ਦੇ ਪਹਿਲੇ ਉੱਪ ਰਾਸ਼ਟਰਪਤੀ ਬਣਾਇਆ ਗਿਆ ਅਤੇ ਭਾਰਤ ਦੇ ਦੂਜੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ 1953 ਤੋਂ 1962 ਤੱਕ ਉਹ ਦਿੱਲੀ ਯੂਨੀਵਰਸਿਟੀ ਦੇ ਕੁਲਪਤੀ ਸਨ। ਇਸ ਦਰਮਿਆਨ 1954 ਵਿਚ ਭਾਰਤ ਦੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੇ ਉਨ੍ਹਾਂ ਨੂੰ 'ਭਾਰਤ ਰਤਨ' ਦੀ ਉਪਾਧੀ ਨਾਲ ਸਨਮਾਨਤ ਕੀਤਾ। ਡਾ. ਰਾਧਾਕ੍ਰਿਸ਼ਨਨ ਨੂੰ ਬ੍ਰਿਟਿਸ਼ ਸ਼ਾਸਨ ਕਾਲ ਵਿਚ 'ਸਰ' ਦੀ ਉਪਾਧੀ ਵੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ 1961 'ਚ ਜਰਮਨੀ ਦੇ ਪੁਸਤਕ ਪ੍ਰਕਾਸ਼ਨ ਵਲੋਂ 'ਵਿਸ਼ਵ ਸ਼ਾਂਤੀ ਪੁਰਸਕਾਰ' ਨਾਲ ਵੀ ਸਨਮਾਨਤ ਕੀਤਾ ਗਿਆ ਸੀ। 1962 ਵਿਚ ਡਾ. ਰਾਧਾਕ੍ਰਿਸ਼ਨਨ ਭਾਰਤ ਦੇ ਦੂਜੇ ਰਾਸ਼ਟਰਪਤੀ ਬਣੇ ਸਨ।
ਸਾਲ 1962 ਵਿਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਇੱਛਾ ਜ਼ਾਹਰ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਇਹ ਮਾਣ ਦੀ ਗੱਲ ਹੋਰ ਕੁਝ ਹੋ ਹੀ ਨਹੀਂ ਸਕਦੀ ਕਿ ਮੇਰਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਵੇ। ਉਦੋਂ ਤੋਂ ਹੀ 5 ਸਤੰਬਰ ਨੂੰ ਧਿਆਪਕ ਦਿਵਸ ਦੇ ਰੂਪ ਵਿਚ ਮਨਾਇਆ ਜਾਣ ਲੱਗਾ। ਅਧਿਆਪਕ ਦਿਵਸ ਦੇ ਮੌਕੇ 'ਤੇ ਅਧਿਆਪਕਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ।


Tanu

Content Editor

Related News