ਕੋਚਿੰਗ ਨਾ ਪੜ੍ਹਨ 'ਤੇ ਟੀਚਰ ਨੇ ਕੀਤਾ ਫੇਲ, ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
Thursday, Mar 29, 2018 - 03:43 PM (IST)

ਇਟਾਵਾ— ਉਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ 'ਚ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ 11ਵੀਂ 'ਚ ਪੜ੍ਹਨ ਵਾਲੇ 17 ਸਾਲਾਂ ਵਿਦਿਆਰਥੀ ਨੇ ਟਰੇਨ ਅੱਗੇ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਆਸਪਾਸ ਦੇ ਲੋਕਾਂ ਨੇ ਜਦੋਂ ਵਿਅਕਤੀ ਦੀ ਲਾਸ਼ ਰੇਲਵੇ ਟਰੈਕ 'ਤੇ ਦੇਖੀ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਦੀ ਪਛਾਣ ਕਰਕੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਹੈ।
ਜਾਣਕਾਰੀ ਮੁਤਾਬਕ ਜ਼ਿਲੇ ਦੇ ਥਾਣਾ ਫ੍ਰੇਂਡਸ ਕਾਲੋਨੀ ਦਾ ਰਹਿਣ ਵਾਲਾ ਸਾਗਰ ਯਾਦਵ ਗਿਆਨ ਸਥਲੀ ਸਕੂਲ 'ਚ 11ਵੀਂ ਦਾ ਵਿਦਿਆਰਥੀ ਸੀ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦਾ ਦੋਸ਼ ਹੈ ਕਿ ਕੁਝ ਦਿਨ ਪਹਿਲੇ ਲੜਕੇ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਟੀਚਰ ਵਾਰ-ਵਾਰ ਕੋਚਿੰਗ 'ਚ ਆ ਕੇ ਪੜ੍ਹਨ ਲਈ ਟਾਰਚਰ ਕਰਦਾ ਹੈ। ਵਿਦਿਆਰਥੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਟੀਚਰ ਕਹਿ ਰਹੇ ਹਨ ਕਿ ਜੇਕਰ ਸਾਡੇ ਕੋਲ ਕੋਚਿੰਗ ਨਹੀਂ ਆਇਆ ਤਾਂ ਅਸੀਂ ਫੇਲ ਕਰ ਦਵਾਂਗੇ।
ਦੱਸਿਆ ਜਾ ਰਿਹਾ ਹੈ ਕਿ ਜਿਸ ਦੇ ਬਾਅਦ ਸਾਗਰ ਨੂੰ ਸਾਰੇ ਵਿਸ਼ਿਆਂ 'ਚੋਂ ਫੇਲ ਕਰ ਦਿੱਤਾ ਗਿਆ। ਜਿਸ ਤੋਂ ਦੁੱਖੀ ਹੋ ਕੇ ਵਿਦਿਆਰਥੀ ਨੇ ਆਪਣੀ ਜਾਨ ਦੇ ਦਿੱਤੀ। ਪਰਿਵਾਰਕ ਮੈਬਰਾਂ ਨੇ ਬੇਟੇ ਦੀ ਮੌਤ ਦਾ ਜ਼ਿੰਮੇਦਾਰ ਸਕੂਲ ਦੇ ਟੀਚਰ ਮੋਹਮਦ ਤਾਹਿਰ, ਅਵਨੀਸ਼ ਅਤੇ ਹਿਤੇਂਦਰ ਨੂੰ ਠਹਿਰਾਇਆ ਹੈ।
ਇਸ ਮਾਮਲੇ 'ਚ ਜਦੋਂ ਸਕੂਲ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਹ ਕੋਈ ਸੰਤੁਸ਼ਟ ਜਵਾਬ ਨਹੀਂ ਦੇ ਸਕੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।