ਭਾਰਤੀ ਹਵਾਈ ਫ਼ੌਜ ''ਚ 2022 ਤੱਕ ਸ਼ਾਮਲ ਕਰ ਲਏ ਜਾਣਗੇ 36 ਰਾਫ਼ੇਲ ਜਹਾਜ਼
Saturday, Jun 19, 2021 - 03:13 PM (IST)
ਹੈਦਰਾਬਾਦ- ਭਾਰਤੀ ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਸ਼ਨੀਵਾਰ ਨੂੰ ਕਿਹਾ ਕਿ 2022 ਤੱਕ 36 ਰਾਫ਼ੇਲ ਜਹਾਜ਼ ਸ਼ਾਮਲ ਕਰ ਲਏ ਜਾਣਗੇ। ਫਰਾਂਸ ਤੋਂ 36 ਲੜਾਕੂ ਜਹਾਜ਼ ਪ੍ਰਾਪਤ ਕਰਨ ਦੀ ਸਮੇਂ-ਹੱਦ ਬਾਰੇ ਇਕ ਪੱਤਰਕਾਰ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਰਾਫ਼ੇਲ ਨੂੰ ਸ਼ਾਮਲ ਕਰਨ ਦੀ ਯੋਜਨਾ 'ਤੇ ਹਵਾਈ ਫ਼ੌਜ ਦਾ ਟੀਕਾ ਯਕੀਨੀ ਹੈ। ਉਨ੍ਹਾਂ ਕਿਹਾ,''ਸਾਡਾ ਟੀਚਾ 2022 ਹੈ। ਇਹ ਇਕਦਮ ਯਕੀਨੀ ਹੈ। ਮੈਂ ਪਹਿਲਾਂ ਹੀ ਇਸ ਦਾ ਜ਼ਿਕਰ ਕੀਤਾ ਸੀ। ਇਕ ਜਾਂ 2 ਜਹਾਜ਼ਾਂ ਨੂੰ ਛੱਡ ਕੇ, ਕੋਵਿਡ ਸੰਬੰਧੀ ਕਾਰਨਾਂ ਕਰ ਕੇ ਥੋੜ੍ਹੀ ਦੇਰੀ ਹੋ ਸਕਦੀ ਹੈ ਪਰ ਕੁਝ ਜਹਾਜ਼ ਸਮੇਂ ਤੋਂ ਪਹਿਲਾਂ ਆ ਰਹੇ ਹਨ।''
ਉਨ੍ਹਾਂ ਨੇ ਕਿਹਾ,''ਇਸ ਲਈ ਰਾਫ਼ੇਲ ਨੂੰ ਸ਼ਾਮਲ ਕਰਨ ਦੀ ਯੋਜਨਾ 'ਤੇ ਸਾਡਾ ਟੀਚਾ ਇਕਦਮ ਤੈਅ ਹੈ। ਸੰਚਾਲਨ ਦੀ ਯੋਜਨਾ 'ਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਪੂਰੀ ਤਰ੍ਹਾਂ ਤਿਆਰ ਹਾਂ, ਇਸ ਲਈ ਸਮੇਂ ਦੇ ਸੰਦਰਭ 'ਚ ਇਕਦਮ ਸਮੇਂ 'ਤੇ ਕੰਮ ਪੂਰਾ ਕਰਾਂਗੇ।'' ਏਅਰ ਚੀਫ਼ ਮਾਰਸ਼ਲ ਭਦੌਰੀਆ, ਇੱਥੇ ਡੁੰਡੀਗਲ 'ਚ ਹਵਾਈ ਫ਼ੌਜ ਅਕਾਦਮੀ ਦੀ 'ਕੰਬਾਇੰਡ ਗਰੈਜੂਏਸ਼ਨ ਪਰੇਡ' ਦਾ ਨਿਰੀਖਣ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਸਾਲ 2016 'ਚ ਭਾਰਤ ਨੇ ਫਰਾਂਸ ਨਾਲ ਇਕ ਅੰਤਰ-ਸਰਕਾਰੀ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ, ਜਿਸ ਅਨੁਸਾਰ 59 ਹਜ਼ਾਰ ਕਰੋੜ ਰੁਪਏ 'ਚ 36 ਰਾਫ਼ੇਲ ਜਹਾਜ਼ ਖਰੀਦੇ ਜਾਣੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਵਰੀ 'ਚ ਕਿਹਾ ਸੀ ਕਿ ਅਪ੍ਰੈਲ 2022 ਤੱਕ ਦੇਸ਼ 'ਚ ਲੜਾਕੂ ਜਹਾਜ਼ਾਂ ਦੀ ਪੂਰੀ ਖੇਪ ਮੌਜੂਦ ਹੋਵੇਗੀ। ਪੂਰਬੀ ਲੱਦਾਖ ਦੀ ਸਥਿਤੀ ਬਾਰੇ ਪੁੱਛੇ ਜਾਣ 'ਤੇ ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਚੀਨ ਅਤੇ ਭਾਰਤ ਵਿਚਾਲੇ ਗੱਲਬਾਤ ਜਾਰੀ ਹੈ ਅਤੇ ਪਹਿਲਾ ਕਦਮ ਇਹ ਹੈ ਕਿ ਸਮਝੌਤਾ ਕਰ ਕੇ ਅੱਗੇ ਵਧਿਆ ਜਾਵੇ ਅਤੇ ਸੰਘਰਸ਼ ਦੇ ਬਿੰਦੂਆਂ 'ਤੇ ਪਿੱਛੇ ਹਟਣ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਜਾਵੇ।