ਬੇਭਰੋਸਗੀ ਮਤਾ : ਸੱਤਾ ਤੇ ਵਿਰੋਧੀ ਧਿਰ ਵਿਚਾਲੇ ਚੱਲੇ ਦੋਸ਼ਾਂ ਦੇ ਤੀਰ

Saturday, Jul 21, 2018 - 11:37 AM (IST)

ਨਵੀਂ ਦਿੱਲੀ— ਕੇਂਦਰ ਦੀ ਰਾਜਗ ਸਰਕਾਰ ਵਿਰੁੱਧ ਪਿਛਲੇ 4 ਸਾਲਾਂ ਵਿਚ ਵਿਰੋਧੀ ਧਿਰ ਦੇ ਪਹਿਲੇ ਬੇਭਰੋਸਗੀ ਮਤੇ 'ਤੇ ਅੱਜ ਚਰਚਾ ਦਰਮਿਆਨ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਦੋਸ਼ਾਂ ਦੇ ਤਿੱਖੇ ਤੀਰ ਚੱਲੇ। ਕਾਂਗਰਸ ਨੇ ਜਿਥੇ ਸਰਕਾਰ 'ਤੇ ਕਿਸਾਨਾਂ, ਰੋਜ਼ਗਾਰ, ਮਹਿਲਾ ਸੁਰੱਖਿਆ ਵਰਗੇ ਚੋਣ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ, ਉਥੇ ਭਾਜਪਾ ਨੇ ਕਿਹਾ ਕਿ ਕਾਂਗਰਸ ਨੇ 48 ਸਾਲਾਂ ਦੇ ਸ਼ਾਸਨ ਵਿਚ ਸਕੈਮਜ਼ (ਘਪਲਿਆਂ) ਦੀ ਰਾਜਨੀਤੀ ਕੀਤੀ, ਜਦਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਪਿਛਲੇ 48 ਮਹੀਨਿਆਂ ਵਿਚ ਸਕੀਮਜ਼ (ਯੋਜਨਾਵਾਂ) ਦੀ ਰਾਜਨੀਤੀ ਕੀਤੀ ਹੈ। 

PunjabKesari
ਭਾਜਪਾ ਦੇ ਰਾਕੇਸ਼ ਸਿੰਘ ਨੇ ਬੇਭਰੋਸਗੀ ਮਤੇ ਦਾ ਵਿਰੋਧ ਕਰਦੇ ਹੋਏ ਕਿਹਾ,''ਇਹ ਬੇਭਰੋਸਗੀ ਮਤਾ ਸਰਕਾਰ ਦੇ ਕੰਮਕਾਜ ਦੇ ਵਿਰੁੱਧ ਨਹੀਂ, ਸਗੋਂ ਸਾਲ 2019 ਵਿਚ ਨਰਿੰਦਰ ਮੋਦੀ ਦੀ ਸਰਕਾਰ ਫਿਰ ਬਣਨ ਦੇ ਡਰ ਨਾਲ ਪੈਦਾ ਹੋਈ ਨਿਰਾਸ਼ਾ ਵਿਚ ਲਿਆਂਦਾ ਗਿਆ ਹੈ।''

PunjabKesari
ਉਨ੍ਹਾਂ ਕਿਹਾ ਕਿ ਦੇਸ਼ ਵਿਚ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਪਿਛਲੀ ਯੂ. ਪੀ. ਏ. ਸਰਕਾਰ ਤੱਕ 70 ਸਾਲਾਂ ਵਿਚੋਂ 48 ਸਾਲ ਇਕ ਹੀ ਪਰਿਵਾਰ ਦੇ ਲੋਕ ਸੱਤਾ ਚਲਾਉਂਦੇ ਰਹੇ। ਇਸ ਵਿਚ ਪਿਛਲੀ ਯੂ. ਪੀ. ਏ. ਸਰਕਾਰ ਦੇ 10 ਸਾਲ ਦਾ ਸਿਹਰਾ ਵੀ ਕਾਂਗਰਸ ਨੇਤਾ ਸੋਨੀਆ ਗਾਂਧੀ ਨੂੰ ਜਾਂਦਾ ਹੈ। ਹੁਣ ਵੀ ਕਾਂਗਰਸ ਸੱਤਾ ਨਾਲ ਤ੍ਰਿਪਤ ਨਹੀਂ ਹੋਈ ਹੈ। ਸਿੰਘ ਨੇ ਕਿਹਾ,''ਇਨ੍ਹਾਂ 48 ਸਾਲਾਂ ਵਿਚ ਕਾਂਗਰਸ ਨੇ ਸਕੈਮਸ (ਘਪਲਿਆਂ) ਦੀ ਰਾਜਨੀਤੀ ਕੀਤੀ ਅਤੇ ਅਸੀਂ 48 ਮਹੀਨੇ ਵਿਚ ਸਕੀਮਜ਼ (ਯੋਜਨਾਵਾਂ) ਦਾ ਸ਼ਾਸਨ ਕੀਤਾ।'' 

PunjabKesari
ਸਰਕਾਰ ਦੇ ਵਿਰੁੱਧ ਤੇਲਗੂ ਦੇਸ਼ਮ ਪਾਰਟੀ ਵਲੋਂ ਲਿਆਂਦੇ ਗਏ ਬੇਭਰੋਸਗੀ ਮਤੇ ਦਾ ਵਿਰੋਧ ਕਰਦੇ ਹੋਏ ਸਿੰਘ ਨੇ ਕਿਹਾ ਕਿ ਤੇਦੇਪਾ ਸੰਸਦ ਮੈਂਬਰ ਆਪਣੇ ਬੇਭਰੋਸਗੀ ਮਤੇ ਨੂੰ ਲੈ ਕੇ ਕੋਈ ਠੋਸ ਕਾਰਨ ਪੇਸ਼ ਨਹੀਂ ਕਰ ਸਕੇ। ਚਰਚਾ ਦੀ ਸ਼ੁਰੂਆਤ ਕਰਦੇ ਹੋਏ ਤੇਲਗੂ ਦੇਸ਼ਮ ਪਾਰਟੀ  (ਤੇਦੇਪਾ) ਦੇ ਜੈਦੇਵ ਗੱਲਾ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੀ ਵੰਡ ਅਤੇ ਤੇਲੰਗਾਨਾ ਸੂਬੇ ਦੇ ਗਠਨ ਨਾਲ ਸਭ ਤੋਂ ਵੱਧ ਨੁਕਸਾਨ ਆਂਧਰਾ ਪ੍ਰਦੇਸ਼ ਨੂੰ ਹੋਇਆ ਪਰ ਆਂਧਰਾ ਪ੍ਰਦੇਸ਼ ਲਈ ਸੰਸਦ ਦੇ ਅੰਦਰ ਅਤੇ ਬਾਹਰ ਜੋ ਵਾਅਦੇ ਕੀਤੇ ਗਏ ਸਨ, ਉਹ ਪੂਰੇ ਨਹੀਂ ਹੋਏ। ਤੇਦੇਪਾ ਮੈਂਬਰ ਨੇ ਕਿਹਾ,''ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਦੀ ਮੰਗ ਦੀ ਉਸਦੀ ਲੜਾਈ ਧਰਮਯੁੱਧ ਹੈ, ਇਹ ਬਹੁਮਤ ਅਤੇ ਨੈਤਿਕਤਾ ਵਿਚਾਲੇ ਜੰਗ ਹੈ, ਇਹ ਪ੍ਰਦੇਸ਼ ਦੀ ਜਨਤਾ ਅਤੇ ਮੋਦੀ ਸਰਕਾਰ ਵਿਚਾਲੇ ਜੰਗ ਹੈ।'' 

PunjabKesari
ਰਾਫੇਲ ਸੌਦੇ 'ਤੇ ਰਾਹੁਲ ਨੇ ਬੋਲਿਆ ਝੂਠ : ਨਿਰਮਲਾ
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਦੋਸ਼ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਕਿ ਰਾਫੇਲ ਜਹਾਜ਼ ਸੌਦੇ ਦੇ ਸੰਦਰਭ ਵਿਚ ਫਰਾਂਸ ਅਤੇ ਭਾਰਤ ਵਿਚਾਲੇ ਖੁਫੀਆਪਨ ਦਾ  ਕੋਈ ਸਮਝੌਤਾ ਨਹੀਂ ਹੋਇਆ ਹੈ। 
ਸੀਤਾਰਮਨ ਨੇ ਕਿਹਾ ਕਿ ਲੜਾਕੂ ਜਹਾਜ਼ ਖਰੀਦਣ ਲਈ ਭਾਰਤ ਅਤੇ ਫਰਾਂਸ ਵਿਚਾਲੇ  2008 ਵਿਚ ਸਮਝੌਤਾ ਹੋਇਆ ਸੀ। ਉਨ੍ਹਾਂ ਕਿਹਾ,'' ਇਹ ਖੁਫੀਆ ਸਮਝੌਤਾ ਹੈ। ਖੁਫੀਆ ਸੂਚਨਾ ਨੂੰ ਜਨਤਕ ਨਾ ਕਰਨ ਲਈ ਸਮਝੌਤਾ ਸੀ। ਮੈਨੂੰ ਜਾਣਕਾਰੀ ਨਹੀਂ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਰਾਹੁਲ ਗਾਂਧੀ ਨੂੰ ਕੀ ਕਿਹਾ ਸੀ ਪਰ ਫਰਾਂਸ ਦੇ ਰਾਸ਼ਟਰਪਤੀ ਦੇ 2 ਭਾਰਤੀ ਚੈਨਲਾਂ ਨੂੰ ਦਿੱਤੀ ਇੰਟਰਵਿਊ 'ਚ ਕਿਹਾ ਸੀ ਕਿ ਰਾਫੇਲ ਸੌਦੇ ਦੇ ਵਣਜੀ ਵੇਰਵੇ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ।'' ਉਨ੍ਹਾਂ ਕਿਹਾ,''ਰਾਹੁਲ ਗਾਂਧੀ ਨੇ ਜੋ ਕਿਹਾ ਹੈ, ਉਹ ਪੂਰੀ ਤਰ੍ਹਾਂ ਗਲਤ ਹੈ ਅਤੇ ਇਸਦਾ ਕੋਈ ਆਧਾਰ ਨਹੀਂ ਹੈ।''


Related News