ਕਿਸਾਨਾਂ ਦਰਮਿਆਨ ਪਹੁੰਚੀ ਮਹਾਤਮਾ ਗਾਂਧੀ ਦੀ ਪੋਤੀ ਤਾਰਾ, ਕਿਹਾ- ‘ਮੈਂ ਚਾਹੁੰਦੀ ਹਾਂ ਸੱਚ ਜਿੱਤੇ’

02/14/2021 11:43:41 AM

ਗਾਜ਼ੀਆਬਾਦ (ਨਵੋਦਿਆ ਟਾਈਮਜ਼)- ਭਾਰਤ ਵਿਚ ਅੰਦੋਲਨਾਂ ਦੇ ਜਨਮਦਾਤਾ ਮਹਾਤਮਾ ਗਾਂਧੀ ਨੂੰ ਮੰਨਿਆ ਜਾਂਦਾ ਹੈ। ਦੇਸ਼ ਨੂੰ ਅੰਦੋਲਨ ਦੀ ਤਿੱਖੀ ਪਰਿਭਾਸ਼ਾ ਬਾਰੇ ਦੱਸਣ ਵਾਲੇ ਮਹਾਤਮਾ ਗਾਂਧੀ ਦੀ ਪੋਤੀ ਤਾਰਾ ਗਾਂਧੀ ਭੱਟਾਚਾਰੀਆ ਜਦੋਂ ਬੀਤੇ ਕੱਲ ਯਾਨੀ ਕਿ ਸ਼ਨੀਵਾਰ ਯੂ. ਪੀ. ਗੇਟ ਪਹੁੰਚੀ ਤਾਂ ਕਿਸਾਨ ਅੰਦੋਲਨ ਨੂੰ ਨੈਤਿਕ ਬਲ ਮਿਲਿਆ। ਉਨ੍ਹਾਂ ਦੇ ਇਲਾਵਾ ਯੂ. ਪੀ. ਗੇਟ ’ਤੇ ਕਿਸਾਨ ਅੰਦੋਲਨ ਦੇ ਸਾਰੇ ਪ੍ਰਮੁੱਖ ਚਿਹਰੇ ਮੌਜੂਦ ਸਨ। ਸਾਰਿਆਂ ਨੇ ਇਕ ਆਵਾਜ਼ ’ਚ ਕਿਸਾਨ ਅੰਦੋਲਨ ਨੂੰ ਉਦੋਂ ਤੱਕ ਚਲਾਉਣ ਦੀ ਗੱਲ ਆਖੀ, ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ।

PunjabKesari

ਮੈਂ ਚਾਹੁੰਦੀ ਹਾਂ ਕਿ ਸੱਚ ਜਿੱਤੇ-
ਤਾਰਾ ਗਾਂਧੀ ਭੱਟਾਚਾਰੀਆ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਿਆਸਤ ਕਰਨ ਨਹੀਂ ਸਗੋਂ ਕਿਸਾਨਾਂ ਨੂੰ ਹਮਾਇਤ ਦੇਣ ਆਏ ਹਨ। ਇਸ ਦੇਸ਼ ਨੂੰ ਅੰਨ ਦੇਣ ਵਾਲਾ ਕਿਸਾਨ ਹੈ। ਸਾਡੇ ਸਾਰਿਆਂ ਦੇ ਸਿਰ ਕਿਸਾਨਾਂ ਦਾ ਕਰਜ਼ਾ ਹੈ। ਲਿਹਾਜ਼ਾ ਕਿਸਾਨਾਂ ਦੀਅ ਮੰਗਾਂ ਮੰਨੀਆਂ ਜਾਣ ਤੇ ਸੱਚ ਦੀ ਜਿੱਤ ਹੋਵੇ।

PunjabKesari

ਹੁਣ ਸਰਕਾਰ ਨੂੰ ਸਬਕ ਸਿਖਾਉਣਾ ਹੈ : ਕਿਸਾਨ ਨੇਤਾ
ਕੇਂਦਰ ਸਰਕਾਰ ਨੂੰ ਲੈ ਕੇ ਕਿਸਾਨ ਆਗੂਆਂ ’ਚ ਕਾਫੀ ਤਲਖੀ ਦੇਖਣ ਨੂੰ ਮਿਲੀ। ਮੰਚ ਤੋਂ ਸੰਬੋਧਨ ਕਰਦਿਆਂ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਨੇ ਜਿਸ ਤਰ੍ਹਾਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਸਾਨ ਉਸ ਨੂੰ ਭੁੱਲਣਗੇ ਨਹੀਂ। ਉਨ੍ਹਾਂ ਦੀ ਗੱਲ ਨੂੰ ਅੱਗੇ ਵਧਾਉਂਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇ ਭਾਜਪਾ ਵਾਲੇ ਤੁਹਾਡੇ ਤੋਂ ਵੋਟ ਮੰਗਣ ਆਉਣ ਤਾਂ ਉਨ੍ਹਾਂ ਦਾ ਉਹ ਹੀ ਹਾਲ ਕਰਿਓ, ਜਿਹੜਾ ਉਨ੍ਹਾਂ ਨੇ ਕਿਸਾਨਾਂ ਦਾ ਕੀਤਾ ਹੈ।

PunjabKesari

ਹਰ ਕਿਸਾਨ ਪਰਿਵਾਰ ਦਾ ਇਕ ਮੈਂਬਰ 8 ਦਿਨ ਅੰਦੋਲਨ ਨੂੰ ਦੇਵੇ-
ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਹਰ ਪਰਿਵਾਰ ਦਾ ਇਕ ਮੈਂਬਰ ਘੱਟੋ-ਘੱਟ 8 ਦਿਨ ਅੰਦੋਲਨ ਨੂੰ ਦੇਵੇ। ਇਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਯੂ. ਪੀ. ਗੇਟ ’ਤੇ ਪੱਖੇ, ਕੂਲਰ ਤੇ ਏ. ਸੀ. ਦੇਖਣ ਨੂੰ ਮਿਲਣਗੇ, ਜਿਨ੍ਹਾਂ ਨੂੰ ਚਲਾਉਣ ਲਈ ਜਨਰੇਟਰ ਰੱਖੇ ਜਾਣਗੇ। ਇਨ੍ਹਾਂ ਜਨਰੇਟਰਾਂ ਲਈ ਡੀਜ਼ਲ ਖਰੀਦਿਆ ਨਹੀਂ ਜਾਵੇਗਾ, ਸਗੋਂ ਉਸੇ ਤਰ੍ਹਾਂ ਆਏਗਾ ਜਿਸ ਤਰ੍ਹਾਂ ਲੋਕ ਦੇਸ਼ ਦੇ ਕੋਨੇ-ਕੋਨੇ ਤੋਂ ਪਾਣੀ ਲੈ ਕੇ ਪਹੁੰਚੇ ਸਨ। ਕਰਨਾਟਕ ਦੇ ਕਿਸਾਨ ਨੇਤਾ ਪ੍ਰੋਫੈਸਰ ਐੱਮ. ਡੀ. ਨਜੂਮਦਾਰ ਸਵਾਮੀ ਤੇ ਰਾਜਾ ਸੂਰਜ ਮੱਲ ਨੂੰ ਯੂ. ਪੀ. ਗੇਟ ਤੋਂ ਕਿਸਾਨਾਂ ਨੇ ਸ਼ਨੀਵਾਰ ਨੂੰ ਸ਼ਰਧਾਂਜਲੀ ਵੀ ਦਿੱਤੀ।

PunjabKesari

ਨੇਤਾਵਾਂ ਲਈ ਪ੍ਰਸ਼ਨਾਵਲੀ ਤਿਆਰ ਕਰੇਗਾ ਕਿਸਾਨ ਮੋਰਚਾ
ਸੰਯੁਕਤ ਕਿਸਾਨ ਮੋਰਚਾ ਸਿਆਸਤਦਾਨਾਂ ਲਈ ਇਕ ਪ੍ਰਸ਼ਨ ਪੱਤਰ ਤਿਆਰ ਕਰੇਗਾ, ਜਿਹੜਾ ਜਨਤਾ ਨੂੰ ਦਿੱਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਦੱਸਿਆ ਕਿ ਕਿਸਾਨ ਮੋਰਚਾ ਆਮ ਜਨਤਾ ਲਈ ਇਕ ਪ੍ਰਸ਼ਨਾਵਲੀ ਤਿਆਰ ਕਰੇਗਾ, ਤਾਂ ਕਿ ਜਦੋਂ ਵੀ ਕੋਈ ਨੇਤਾ ਵੋਟ ਮੰਗਣ ਆਏ ਤਾਂ ਕਿਸਾਨ ਉਸ ਨਾਲ ਸਵਾਲ-ਜਵਾਬ ਕਰ ਸਕਣ, ਜਿਸ ਨਾਲ ਸਹੀ ਵਿਅਕਤੀ ਸੰਸਦ ’ਚ ਪੁੱਜੇ ਅਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰੇ।

PunjabKesari

ਯੂ. ਪੀ. ਦੇ ਟੋਲ ਵੀ ਫ੍ਰੀ ਕਰਵਾਉਣਗੇ ਕਿਸਾਨ
ਕਿਸਾਨ ਆਗੂ ਦਰਸ਼ਨ ਪਾਲ ਨੇ ਆਪਣੇ ਸੰਬੋਧਨ ’ਚ ਟੋਲ ਪਲਾਜ਼ਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਹੁਣ ਤੱਕ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਟੋਲ ਫ੍ਰੀ ਕਰਵਾਉਣ ਦਾ ਕੰਮ ਕੀਤਾ ਹੈ। ਹੁਣ ਯੂ. ਪੀ. ਦੇ ਟੋਲ ਪਲਾਜ਼ਿਆਂ ਦੀ ਵਾਰੀ ਹੈ। ਕਿਸਾਨ ਹੁਣ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਵੀ ਫ੍ਰੀ ਕਰਵਾਉਣਗੇ।

PunjabKesari

ਦਿੱਲੀ-ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਦੌਰਾਨ ਮੰਚ ’ਤੇ 26 ਜਨਵਰੀ ਦੇ ਟਰੈਕਟਰ ਮਾਰਚ ’ਚ ਮਰੇ ਨਵਰੀਤ ਸਿੰਘ ਦੇ ਦਾਦਾ ਗਮਗੀਨ ਹੁੰਦੇ ਹੋਏ।


Tanu

Content Editor

Related News