ਤਾਮਿਲਨਾਡੂ 'ਚ ਹਸਪਤਾਲ ਦੀ ਵੱਡੀ ਲਾਪਰਵਾਹੀ, 4 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਦਿੱਤੀ ਛੁੱਟੀ

Thursday, Apr 09, 2020 - 11:50 AM (IST)

ਤਾਮਿਲਨਾਡੂ 'ਚ ਹਸਪਤਾਲ ਦੀ ਵੱਡੀ ਲਾਪਰਵਾਹੀ, 4 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਦਿੱਤੀ ਛੁੱਟੀ

ਚੇੱਨਈ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਕਈ ਉੱਚਿਤ ਕਦਮ ਚੁੱਕੇ ਜਾ ਰਹੇ ਹਨ ਪਰ ਇਸ ਦੌਰਾਨ ਕਈ ਥਾਵਾਂ 'ਤੇ ਲਾਪਰਵਾਹੀ ਵੀ ਵਰਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਿਲਾ ਹਸਪਤਾਲ ਦੀ ਲਾਪਰਵਾਈ ਸਾਹਮਣੇ ਆਈ ਹੈ। ਦਰਅਸਲ ਇੱਥੋ ਦੇ ਵਿੱਲੂਪੁਰਮ ਜ਼ਿਲੇ ਦੇ ਹਸਪਤਾਲ ਤੋਂ ਚਾਰ ਕੋਰੋਨਾਵਾਇਰਸ ਪਾਜ਼ੀਟਿਵ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਗਲਤੀ ਦੇ ਚੱਲਦੇ ਤਿੰਨ ਮਰੀਜ਼ਾਂ ਨੂੰ ਤਾਂ ਪੁਲਸ ਨੇ ਟਰੈਕ ਕਰ ਲਿਆ ਹੈ ਪਰ ਚੌਥਾ ਮਰੀਜ਼ ਅਜੇ ਲਾਪਤਾ ਹੈ। ਹਸਪਤਾਲ ਵੱਲੋਂ ਪਾਜ਼ੀਟਿਵ ਰੋਗੀਆਂ ਨੂੰ ਇਕ ਨੈਗੇਟਿਵ ਜਾਂਚ ਨਤੀਜੇ ਪੱਤਰ ਸੌਂਪ ਕੇ ਛੁੱਟੀ ਦੇ ਦਿੱਤੀ ਗਈ ਸੀ।

ਵਿੱਲੂਪੁਰਮ ਪੁਲਸ ਸੁਪਰਡੈਂਟ ਐੱਸ. ਜੈਕੁਮਾਰ ਨੇ ਦੱਸਿਆ ਕਿ ਇੱਥੇ 26 ਰੋਗੀਆਂ ਦੇ ਸੈਂਪਲਾਂ ਦੇ ਨਤੀਜੇ ਆਏ ਸੀ, ਜਿਨ੍ਹਾਂ 'ਚੋਂ ਚਾਰ ਪਾਜ਼ੀਟਿਵ ਸਨ। ਬਾਅਦ 'ਚ ਗਲਤੀ ਨਾਲ ਇਨ੍ਹਾਂ ਚਾਰਾਂ ਰੋਗੀਆਂ ਨੂੰ ਨੈਗੇਟਿਵ ਨਤੀਜੇ ਪੱਤਰ ਦਿੱਤੇ ਗਏ। ਜੈ ਕੁਮਾਰ ਨੇ ਕਿਹਾ ਕਿ ਪੁਲਸ ਨੇ ਹਸਪਤਾਲ ਛੱਡਣ ਤੋਂ ਬਾਅਦ ਤਿੰਨ ਮਰੀਜ਼ਾ ਨੂੰ ਟਰੈਕ ਤੇ ਸੁਰੱਖਿਅਤ ਕਰਨ 'ਚ ਕਾਮਯਾਬੀ ਹਾਸਿਲ ਕੀਤੀ। ਉਨ੍ਹਾਂ ਨੇ ਕਿਹਾ ਕਿ ਚੌਥਾ ਮਰੀਜ਼ ਦਿੱਲੀ ਤੋਂ ਨਹੀਂ ਆਇਆ ਹੈ। ਪੁਲਸ ਨੇ ਦੱਸਿਆ ਕਿ ਚੌਥੇ ਮਰੀਜ਼ ਨੂੰ ਟਰੈਕ ਕਰਨ ਲਈ ਪੰਜ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਦੱਸ਼ਣਯੋਗ ਹੈ ਕਿ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਨਾਲ ਜੰਗ ਲੜ ਰਿਹਾ ਹੈ ਅਤੇ ਇਸ ਸਮੇਂ ਦੇਸ਼ 'ਚ 21 ਦਿਨਾ ਦਾ ਲਾਕਡਾਊਨ ਲਾਇਆ ਹੋਇਆ ਹੈ। ਉੱਥੇ ਹੀ ਕੋਰੋਨਾਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ 5734 ਤੱਕ ਪਹੁੰਚ ਗਈ ਹੈ ਜਦਕਿ 166 ਲੋਕਾਂ ਦੀ ਮੌਤ ਹੋ ਚੁੱਕੀ ਹੈ। 


author

Iqbalkaur

Content Editor

Related News