ਮਕਾਨ ''ਚ ਰੱਖੇ ਪਟਾਕਿਆਂ ਕਾਰਨ ਹੋਇਆ ਜ਼ਬਰਦਸਤ ਧਮਾਕਾ, 4 ਲੋਕਾਂ ਦੀ ਮੌਤ

Saturday, Dec 31, 2022 - 01:01 PM (IST)

ਮਕਾਨ ''ਚ ਰੱਖੇ ਪਟਾਕਿਆਂ ਕਾਰਨ ਹੋਇਆ ਜ਼ਬਰਦਸਤ ਧਮਾਕਾ, 4 ਲੋਕਾਂ ਦੀ ਮੌਤ

ਤਮਿਲਨਾਡੂ- ਤਾਮਿਲਨਾਡੂ ਦੇ ਨਮਕੱਲ ਜ਼ਿਲ੍ਹੇ ਦੇ ਇਕ ਮਕਾਨ ਵਿਚ ਹੋਏ ਧਮਾਕੇ 'ਚ ਇਕ ਪਟਾਕੇ ਦੀ ਦੁਕਾਨ ਦੇ ਮਾਲਕ ਅਤੇ 3 ਔਰਤਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ ਇੰਨੇ ਹੀ ਜ਼ਖ਼ਮੀ ਹੋ ਗਏ। ਉਕਤ ਘਰ ਵਿਚ ਪਟਾਕੇ ਰੱਖੇ ਹੋਏ ਸਨ। ਪੁਲਸ ਨੇ ਦੱਸਿਆ ਕਿ ਧਮਾਕਾ ਤੜਕੇ ਕਰੀਬ 4 ਵਜੇ ਅਚਾਨਕ ਹੋਇਆ, ਜਿਸ ਕਾਰਨ ਉਕਤ ਮਕਾਨ ਅਤੇ ਆਲੇ-ਦੁਆਲੇ ਦੇ ਮਕਾਨ ਨੁਕਸਾਨੇ ਗਏ ਅਤੇ 4 ਲੋਕ ਜ਼ਖ਼ਮੀ ਹੋ ਗਏ। 

ਪੁਲਸ ਮੁਤਾਬਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਰੀਬ 2 ਘੰਟੇ ਦੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਸਪੱਸ਼ਟ ਨਹੀਂ ਹੈ ਕਿ ਲਾਇਸੈਂਸ ਧਾਰਕ ਤਿਲਲਈ ਕੁਮਾਰ ਨੇ ਆਪਣੇ ਘਰ 'ਚ ਪਟਾਕੇ ਕਿਉਂ ਰੱਖੇ ਹੋਏ ਸਨ। ਤਿਲਲਈ ਕੁਮਾਰ, ਉਸ ਦੀ ਮਾਂ ਸੇਲਵੀ ਅਤੇ ਪਤਨੀ ਪ੍ਰਿਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ 4 ਸਾਲ ਦੀ ਬੱਚੀ ਵਾਲ-ਵਾਲ ਬਚ ਗਈ। 

ਅਧਿਕਾਰੀ ਨੇ ਕਿਹਾ ਕਿ ਧਮਾਕੇ ਦੇ ਚਲਦੇ ਕੁਮਾਰ ਦੇ ਗੁਆਂਢ 'ਚ ਰਹਿਣ ਵਾਲੀ 70 ਸਾਲਾ ਇਕ ਔਰਤ ਦੀ ਮੌਤ ਹੋ ਗਈ। ਧਮਾਕੇ ਕਾਰਨ ਮਕਾਨਾਂ ਨੂੰ ਹੋਏ ਨੁਕਸਾਨ ਕਾਰਨ ਸੜੇ 4 ਵਿਅਕਤੀਆਂ ਦਾ ਇਲਾਜ ਹਸਪਤਾਲ ਵਿਚ ਚਲ ਰਿਹਾ ਹੈ। ਪੁਲਸ ਮੁਤਾਬਕ ਇਹ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਧਮਾਕਾ ਬਿਜਲੀ ਦੇ ਸ਼ਾਰਟ ਸਰਕਿਟ ਨਾਲ ਜਾਂ ਫਿਰ ਕਿਸੇ ਮੋਮਬੱਤੀ ਨਾਲ ਪਟਾਕਿਆਂ ਵਿਚ ਅੱਗ ਲੱਗਣ ਦੀ ਵਜ੍ਹਾ ਨਾਲ ਹੋਇਆ।


author

Tanu

Content Editor

Related News