ਸਰਹੱਦ ''ਤੇ ਤਣਾਅ ਨੂੰ ਲੈ ਕੇ ਭਾਰਤ-ਚੀਨ ਫੌਜ ਨੇ ਕੀਤੀ ਗੱਲਬਾਤ
Sunday, Jun 07, 2020 - 12:52 AM (IST)
ਨਵੀਂ ਦਿੱਲੀ (ਏਜੰਸੀਆਂ) - ਪੂਰਬੀ ਲੱਦਾਖ 'ਚ ਤਕਰੀਬਨ ਇਕ ਮਹੀਨੇ ਤੋਂ ਸਰਹੱਦ 'ਤੇ ਜਾਰੀ ਤਣਾਅ ਨੂੰ ਲੈ ਕੇ ਭਾਰਤ ਅਤੇ ਚੀਨੀ ਫੌਜ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ। ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਭਾਰਤੀ ਵਫਦ ਦੀ ਅਗਵਾਈ ਲੇਹ ਸਥਿਤ 14ਵੀਂ ਕੋਰ ਦੇ ਜਨਰਲ ਆਫਿਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ, ਜਦੋਂ ਕਿ ਚੀਨੀ ਧਿਰ ਦੀ ਅਗਵਾਈ ਤਿੱਬਤ ਫੌਜ ਜ਼ਿਲਾ ਕਮਾਂਡਰ ਕਰ ਰਹੇ ਸਨ।
ਇਹ ਗੱਲਬਾਤ ਪੂਰੀ ਲੱਦਾਖ 'ਚ ਕੰਟਰੋਲ ਰੇਖਾ 'ਤੇ ਹੋਈ। ਗੱਲਬਾਤ ਬਾਰੇ ਕੋਈ ਖਾਸ ਵੇਰਵਾ ਦਿੱਤੇ ਬਿਨਾਂ ਭਾਰਤੀ ਫੌਜ ਦੇ ਇਕ ਬੁਲਾਰੇ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਅਧਿਕਾਰੀ ਭਾਰਤ-ਚੀਨ ਸਰਹੱਦੀ ਇਲਾਕਿਆਂ 'ਚ ਬਣੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਥਾਪਿਤ ਫੌਜ ਅਤੇ ਡਿਪਲੋਮੈਟ ਰਾਹੀਂ ਇਕ-ਦੂਜੇ ਨਾਲ ਲਗਾਤਾਰ ਸੰਪਰਕ 'ਚ ਬਣੇ ਹੋਏ ਹਨ। ਦੋਵੇਂ ਫੌਜਾਂ 'ਚ ਸਥਾਨਕ ਕਮਾਂਡਰਾਂ ਦੇ ਪੱਧਰ 'ਤੇ 12 ਦੌਰ ਦੀ ਗੱਲਬਾਤ ਅਤੇ ਮੇਜਰ ਜਨਰਲ ਰੈਂਕ ਦੇ ਅਧਿਕਾਰੀਆਂ ਵਿਚਾਲੇ 3 ਦੌਰ ਦੀ ਗੱਲਬਾਤ ਤੋਂ ਬਾਅਦ ਕੋਈ ਠੋਸ ਨਤੀਜਾ ਨਾ ਨਿਕਲਣ 'ਤੇ ਲੈਫਟੀਨੈਂਟ ਜਨਰਲ ਪੱਧਰ 'ਤੇ ਗੱਲਬਾਤ ਹੋਈ।
ਦੋਵੇਂ ਦੇਸ਼ ਡਿਪਲੋਮੈਟ, ਫੌਜ ਰਾਹੀਂ ਲਗਾਤਾਰ ਸੰਪਰਕ 'ਚ : ਫੌਜ
ਭਾਰਤੀ ਫੌਜ ਨੇ ਕਿਹਾ ਕਿ ਭਾਰਤ-ਚੀਨ ਸਰੱਹਦੀ ਖੇਤਰਾਂ 'ਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਭਾਰਤੀ ਅਤੇ ਚੀਨੀ ਅਧਿਕਾਰੀ ਸਥਾਪਿਤ ਫੌਜ ਅਤੇ ਡਿਪਲੋਮੈਟ ਰਾਹੀਂ ਲਗਾਤਾਰ ਸੰਪਰਕ 'ਚ ਬਣੇ ਹੋਏ ਹਨ। ਪੂਰਬੀ ਲੱਦਾਖ 'ਚ ਮੌਜੂਦਾ ਸਰਹੱਦੀ ਤਣਾਅ ਲਈ ਦੋਵੇਂ ਧਿਰਾਂ ਵਿਚਾਲੇ ਉੱਚ ਪੱਧਰੀ ਫੌਜੀ ਗੱਲਬਾਤ ਤੋਂ ਪਹਿਲਾਂ ਫੌਜ ਵੱਲੋਂ ਇਹ ਬਿਆਨ ਆਇਆ ਹੈ। ਪੂਰਬੀ ਲੱਦਾਖ 'ਚ ਜਾਰੀ ਫੌਜੀ ਤਣਾਅ 'ਚ ਭਾਰਤ ਅਤੇ ਚੀਨ ਨੇ ਆਪਣੇ 'ਮਤਭੇਦਾਂ' ਨੂੰ ਵਿਵਾਦ 'ਚ ਨਾ ਬਦਲਣ ਦੇਣ ਦੀ ਵਚਨਬੱਧਤਾ ਜਤਾਈ ਸੀ।