MVA ’ਚ ਸੀਟ ਵੰਡ ’ਤੇ ਗੱਲਬਾਤ 10 ਦਿਨਾਂ ’ਚ ਪੂਰੀ ਹੋ ਜਾਵੇਗੀ : ਪਵਾਰ
Monday, Sep 30, 2024 - 04:06 PM (IST)
ਮਹਾਰਾਸ਼ਟਰ- ਰਾਕਾਂਪਾ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮਹਾਵਿਕਾਸ ਆਘਾੜੀ (ਐੱਮ. ਵੀ. ਏ.) ਆਉਂਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸੀਟ ਵੰਡ ’ਤੇ ਆਪਣੀ ਗੱਲਬਾਤ 8 ਤੋਂ 10 ਦਿਨਾਂ ’ਚ ਪੂਰੀ ਕਰ ਲਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ਨੂੰ ਸੂਬੇ ’ਚ ‘ਕਿਸੇ ਵੀ ਕੀਮਤ’ ’ਤੇ ਸੱਤਾ ’ਚ ਆਉਣ ਦੀ ਕੋਸ਼ਿਸ਼ ਕਰਨੀ ਪਵੇਗੀ। ਪਾਰਟੀ ਛੱਡਣ ਵਾਲਿਆਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਪਵਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ’ਚੋਂ ਮੁੱਠੀ ਭਰ ਲੋਕ ਵੀ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕਣਗੇ।
ਰਾਕਾਂਪਾ ਪ੍ਰਧਾਨ ਨੇ ਪੁਣੇ ਦੇ ਬਾਰਾਮਤੀ ਸ਼ਹਿਰ ’ਚ ਆਪਣੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 288 ਮੈਂਬਰੀ ਵਿਧਾਨ ਸਭਾ ਲਈ ਚੋਣਾਂ ਨਵੰਬਰ ਦੇ ਅੱਧ ’ਚ ਹੋਣ ਦੀ ਸੰਭਾਵਨਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਜਿੱਤਣ ਦੀ ਸਮਰੱਥਾ ਹੀ ਇਕੋ-ਇਕ ਯੋਗਤਾ ਹੋਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਗੱਠਜੋੜ ’ਚ ਐਡਜਸਟਮੈਂਟ ਅਤੇ ਲਚਕੀਲਾ ਦ੍ਰਿਸ਼ਟੀਕੋਣ ਅਪਣਾਉਣਾ ਜ਼ਰੂਰੀ ਹੈ। ਐੱਮ. ਵੀ. ਏ. ’ਚ ਰਾਕਾਂਪਾ (ਐੱਸ. ਪੀ.), ਕਾਂਗਰਸ ਅਤੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ (ਯੂ. ਬੀ. ਟੀ.) ਸ਼ਾਮਲ ਹਨ।