ਰਾਣਾ ਦੀ ਹਿਰਾਸਤ ਨੂੰ ਲੈ ਕੇ NIA ਹੈੱਡਕੁਆਰਟਰ ਬਾਹਰ ਵਧਾਈ ਗਈ ਸੁਰੱਖਿਆ
Friday, Apr 11, 2025 - 01:26 PM (IST)

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (NIA) ਦੇ ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿੱਥੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਤਹੱਵੁਰ ਹੁਸੈਨ ਰਾਣਾ ਨੂੰ ਰੱਖਿਆ ਗਿਆ ਹੈ। ਏਜੰਸੀ ਨੇ ਅਮਰੀਕਾ ਤੋਂ ਹਵਾਲਗੀ ਮਗਰੋਂ ਅਦਾਲਤ ਦੇ ਨਿਰਦੇਸ਼ 'ਤੇ 18 ਦਿਨ ਦੀ ਹਿਰਾਸਤ ਵਿਚ ਲੈ ਲਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ NIA ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਪੁਲਸ ਅਤੇ ਨੀਮ ਫ਼ੌਜੀ ਬਲ ਦੇ ਵਾਧੂ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਦੀ ਉਲੰਘਣ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰਾਣਾ ਨੂੰ ਲੈ ਕੇ ਇਕ ਜਹਾਜ਼ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਉਤਰਿਆ। ਇਸ ਤੋਂ ਬਾਅਦ ਏਜੰਸੀ ਨੇ ਉਸ ਨੂੰ ਇਕ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਕੀਤਾ। ਵਿਸ਼ੇਸ਼ NIA ਜਸਟਿਸ ਚੰਦਰਜੀਤ ਸਿੰਘ ਨੇ ਉਸ ਨੂੰ 18 ਦਿਨ ਦੀ ਹਿਰਾਸਤ ਵਿਚ ਭੇਜ ਦਿੱਤਾ। NIA ਰਾਣਾ (64) ਨੂੰ ਹਿਰਾਸਤ ਵਿਚ ਲੈਣ ਮਗਰੋਂ ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਦਰਮਿਆਨ ਆਪਣੇ ਹੈੱਡਕੁਆਰਟਰ ਲੈ ਗਈ।