ਸਵਿਟਜ਼ਰਲੈਂਡ : ਪ੍ਰਧਾਨ ਮੰਤਰੀ ਮੋਦੀ ਸਵਿਸ ਦੇ ਰਾਸ਼ਟਰਪਤੀ ਨੂੰ ਮਿਲੇ

01/23/2018 2:11:26 AM

ਦਾਵੋਸ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰਥਿਕ ਮੰਚ ਦੀ ਬੈਠਕ 'ਚ ਹਿੱਸਾ ਲੈਣ ਲਈ ਅੱਜ ਦਾਵੋਸ ਪਹੁੰਚ ਚੁਕੇ ਹਨ। ਇਥੇ ਪ੍ਰਧਾਨ ਮੰਤਰੀ ਮੋਦੀ ਵਿਸ਼ਵ ਆਰਥਿਕ ਮੰਚ 2018 (ਡਬਲਯੂ. ਈ. ਐੱਫ.) ਦੀ 48ਵੀਂ ਬੈਠਕ 'ਚ ਸ਼ਾਮਲ ਹੋਏ। ਮੋਦੀ ਨੇ ਇਥੇ ਸਵਿਸ ਦੇ ਰਾਸ਼ਟਰਪਤੀ ਐਲਨ ਬਰਸੇਟ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਥੇ ਦੁਨੀਆ ਸਾਹਮਣੇ ਭਾਰਤੀ ਅਰਥਵਿਵਸਥਾ, ਨਿਵੇਸ਼ ਅਤੇ ਆਪਣੀਆਂ ਨੀਤੀਆਂ ਬਾਰੇ 'ਚ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਕੰਪਨੀਆਂ ਦੇ ਸੀ. ਈ. ਓ. ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਥੇ ਦੋ-ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਮੋਦੀ ਨੇ ਇਕ ਟਵੀਟ ਕਰ ਕੇ ਕਿਹਾ ਕਿ ਦਾਵੋਸ ਪਹੁੰਚਣ 'ਤੇ ਮੈਂ ਸਵਿਸ ਕਨਫੈਡਰੇਸ਼ਨ ਦੇ ਰਾਸ਼ਟਰਪਤੀ ਐਲਨ ਬਰਸੇਟ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਦੋ-ਪੱਖੀ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਸਮੀਖਿਆ ਕੀਤੀ ਅਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਚਰਚਾ ਕੀਤੀ। ਬਰਸੇਟ ਨੇ ਕਿਹਾ ਕਿ ਇਹ ਚਰਚਾ ਦੁਨੀਆ ਦੇ ਸਭ ਤੋਂ ਵੱਡੇ ਅਤੇ ਪੁਰਾਣੇ ਲੋਕਤੰਤਰਾਂ ਦੀ ਮੁਲਾਕਾਤ ਨੂੰ ਦਰਸਾਉਂਦੀ ਹੈ। 
ਸਵਿਸ ਦੇ ਰਾਸ਼ਟਰਪਤੀ ਨੇ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਭਾਰਤ ਨਾਲ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਕ ਟਵੀਟ 'ਚ ਕਿਹਾ ਕਿ ਬਰਫਬਾਰੀ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਸਵਿਸ ਰਾਸ਼ਟਰਪਤੀ ਐਲਨ ਬਰਸੇਟ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਲੋਕਤੰਤਰ ਅਤੇ ਵਿਭਿੰਨਤਾ ਦੇ ਸਾਂਝੇ ਮੁੱਲਾਂ 'ਤੇ ਬਣੇ ਆਪਣੇ ਦੋ-ਪੱਖੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਕਦਮਾਂ 'ਤੇ ਰਚਨਾਤਮਕ ਗੱਲਬਾਤ ਕੀਤੀ। 
ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਇਸ ਸਮਾਰੋਹ 'ਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਵੀ ਪਹੁੰਚੇ ਅਤੇ ਉਨ੍ਹਾਂ ਨੂੰ ਇਥੇ ਵਿਸ਼ਵ ਆਰਥਿਕ ਮੰਚ ਸਮਾਰੋਹ 'ਚ ਕ੍ਰਿਸਟਲ ਐਵਾਰਡ ਦਿੱਤਾ ਗਿਆ।


Related News