ਵਿਗੜਦੀ ਸਿਹਤ ਦੇ ਬਾਵਜੂਦ 8ਵੇਂ ਦਿਨ ਵੀ ਜਾਰੀ ਹੈ ਸਵਾਤੀ ਮਾਲੀਵਾਲ ਦੀ ਭੁੱਖ-ਹੜਤਾਲ

04/20/2018 4:30:15 PM

ਨਵੀਂ ਦਿੱਲੀ— ਲਗਾਤਾਰ ਵਿਗੜਦੀ ਸਿਹਤ ਦੇ ਬਾਵਜੂਦ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਸ਼ੁੱਕਰਵਾਰ ਯਾਨੀ 8ਵੇਂ ਦਿਨ ਵੀ ਭੁੱਖ-ਹੜਤਾਲ ਜਾਰੀ ਰੱਖੇ ਹੋਏ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀ.ਐੱਮ. ਮੋਦੀ ਜਿੱਦੀ ਹਨ ਤਾਂ ਮੈਂ ਉਨ੍ਹਾਂ ਤੋਂ ਵਧ ਜਿੱਦੀ ਹਾਂ, ਜਦੋਂ ਤੱਕ ਪੀ.ਐੱਮ. ਮੋਦੀ ਮੇਰੀ ਮੰਗ ਨਹੀਂ ਮੰਨਣਗੇ, ਉਦੋਂ ਤੱਕ ਭੁੱਖ-ਹੜਤਾਲ ਨਹੀਂ ਤੋੜਾਂਗੀ। ਉੱਥੇ ਹੀ ਸਵਾਤੀ ਦੀ ਭੁੱਖ-ਹੜਤਾਲ ਦੇ 8ਵੇਂ ਦਿਨ ਸ਼ੁੱਕਰਵਾਰ ਨੂੰ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਅਲੀ ਅਨਵਰ ਸਮਤਾ ਸਥਾਨ ਪੁੱਜੇ। ਉਨ੍ਹਾਂ ਨੇ ਸਵਾਤੀ ਦੀ ਭੁੱਖ-ਹੜਤਾਲ ਨੂੰ ਸਮਰਥਨ ਦਿੰਦੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ। ਉੱਥੇ ਹੀ ਚੇਅਰਪਰਸਨ ਦੇ ਭੁੱਖ-ਹੜਤਾਲ ਹੋਣ ਕਾਰਨ ਪੂਰਾ ਦਾ ਪੂਰਾ ਦਿੱਲੀ ਮਹਿਲਾ ਕਮਿਸ਼ਨ ਦਾ ਦਫ਼ਤਰ ਹੀ ਰਾਜਘਾਟ ਦੇ ਸਮਤਾ ਸਥਾਨ 'ਤੇ ਸ਼ਿਫਟ ਹੋ ਗਿਆ ਹੈ। ਕਮਿਸ਼ਨ ਦੇ ਸਾਰੇ ਕਰਮਚਾਰੀ ਆਪਣਾ ਸਾਰਾ ਕੰਮ ਸਮਤਾ ਸਥਾਨ ਤੋਂ ਹੀ ਕਰ ਰਹੇ ਹਨ। ਭੁੱਖ-ਹੜਤਾਲ 'ਤੇ ਬੈਠੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਜਦੋਂ ਤੱਕ ਉਸ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਭੁੱਖ-ਹੜਤਾਲ ਨਹੀਂ ਤੋੜੇਗੀ। ਵ੍ਹੀਲ ਚੇਅਰ 'ਤੇ ਰਾਜਘਾਟ ਪੁੱਜੀ ਸਵਾਤੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਜਿੱਦੀ ਹਨ ਤਾਂ ਉਹ ਉਨ੍ਹਾਂ ਤੋਂ ਵਧ ਜਿੱਦੀ ਹੈ।
ਭੁੱਖ-ਹੜਤਾਲ ਦੇ 7ਵੇਂ ਦਿਨ ਸਵਾਤੀ ਮਾਲੀਵਾਲ ਨੇ ਆਪਣਾ ਦਿਨ ਰੋਜ਼ ਦੀ ਤਰ੍ਹਾਂ ਰਾਜਘਾਟ 'ਤੇ ਜਾ ਕੇ ਸ਼ੁਰੂ ਕੀਤਾ। ਉਹ ਵ੍ਹੀਲ ਚੇਅਰ 'ਤੇ ਬੈਠ ਕੇ ਰਾਜਘਾਟ ਗਈ ਸੀ। ਰਾਜਘਾਟ ਜਾਂਦੇ ਸਮੇਂ ਉਨ੍ਹਾਂ ਦੇ ਹੱਥ 'ਚ ਇਕ ਸੰਦੇਸ਼ ਦੇ ਨਾਲ ਪਲੇਅਕਾਰਡ ਸੀ, ਜਿਸ 'ਚ ਲਿਖਿਆ ਸੀ ਕਿ ਇਹ ਸਿਰਫ ਮੇਰੀ ਊਰਜਾ ਬਚਾਉਣ ਲਈ ਹੈ, ਮੈਂ ਅਜੇ ਵੀ 5 ਕਿਲੋਮੀਟਰ ਦੌੜ ਸਕਦੀ ਹਾਂ। ਸਵਾਤੀ ਮਾਲੀਵਾਲ ਨੇ ਪ੍ਰਧਾਨ ਮੰਤਰੀ ਦੇ ਲੰਡਨ 'ਚ ਦਿੱਤੇ ਗਏ ਬਿਆਨ 'ਤੇ ਉਨ੍ਹਾਂ ਤੋਂ ਸਵਾਲ ਕੀਤਾ ਕਿ ਰਾਜਨੀਤੀ ਕੌਣ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਬਲਾਤਕਾਰ ਵਰਗੀਆਂ ਘਟਨਾਵਾਂ ਨਾਲ ਉੱਬਲ ਰਿਹਾ ਹੈ, ਅਜਿਹੇ 'ਚ ਪ੍ਰਧਾਨ ਮੰਤਰੀ ਅਜਿਹਾ ਬਿਆਨ ਦੇ ਰਿਹਾ ਹੈ। ਪ੍ਰਧਾਨ ਮੰਤਰੀ ਦੇਸ਼ਵਾਸੀਆਂ ਦੇ ਮਨ ਦੀ ਗੱਲ ਨਹੀਂ ਸੁਣ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਇਕ ਸਾਲ ਦੀ ਬਲਾਤਕਾਰ ਪੀੜਤ ਬੱਚੀ ਨਾਲ ਮਿਲਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਪ੍ਰਧਾਨ ਇੰਨੇ ਕਠੋਰ ਨਹੀਂ ਹਨ ਕਿ ਉਹ ਬੱਚੀ ਨੂੰ ਮਿਲਣ ਤੋਂ ਬਾਅਦ ਵੀ ਨਹੀਂ ਪਿਘਲਨਗੇ।
ਸਮਰਥਨ ਦੇਣ ਪੁੱਜੇ ਡੀ. ਰਾਜਾ
ਭੁੱਖ-ਹੜਤਾਲ ਦਾ ਸਮਰਥਨ ਕਰਨ ਪੁੱਜੇ ਸੀ.ਪੀ.ਆਈ. ਨੇਤਾ ਡੀ. ਰਾਜਾ ਨੇ ਪ੍ਰਧਾਨ ਮੰਤਰੀ ਤੋਂ ਸਵਾਲ ਕੀਤਾ ਕਿ ਇਸ ਮਾਮਲੇ ਦਾ ਸਿਆਸੀਕਰਨ ਕੌਣ ਕਰ ਰਿਹਾ ਹੈ। ਉਨ੍ਹਾਂ ਨੇ ਸਵਾਤੀ ਮਾਲੀਵਾਲ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਮਾਨਸੂਨ ਸੈਸ਼ਨ 'ਚ ਸੰਸਦ 'ਚ ਚੁੱਕਣਗੇ। ਨੋਇਡਾ ਸਥਿਤ ਜੈਨੇਸਿਸ ਗਲੋਬਲ ਸਕੂਲ ਦੀਆਂ ਵਿਦਿਆਰਥਣਾਂ ਵੀ ਸਮਰਥਨ ਦੇਣ ਲਈ ਪੁੱਜੀਆਂ।
ਭਾਰ ਘੱਟ ਕੇ 62 ਕਿਲੋ ਹੋਇਆ
ਸਵਾਤੀ ਮਾਲੀਵਾਰ 7 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ 'ਤੇ ਬੈਠੀ ਹੈ। ਇਹ ਸਿਰਫ ਪਾਣੀ ਅਤੇ ਜੂਸ ਹੀ ਲੈ ਰਹੀ ਹੈ। ਲਗਾਤਾਰ ਭੁੱਖ-ਹੜਤਾਲ ਕਾਰਨ ਉਨ੍ਹਾਂ ਦਾ ਭਾਰ ਘੱਟ ਕੇ 62 ਕਿਲੋ ਰਹਿ ਗਿਆ ਹੈ। ਹੁਣ ਭੁੱਖ-ਹੜਤਾਲ ਦੀ ਸ਼ੁਰੂਆਤ ਕੀਤੀ ਸੀ, ਉਦੋਂ ਭਾਰ 67 ਕਿਲੋ ਸੀ। ਵੀਰਵਾਰ ਨੂੰ ਉਨ੍ਹਾਂ ਦੀ ਪਲੱਸ ਰੇਟ 108 ਅਤੇ ਬਲੱਡ ਪ੍ਰੈਸ਼ਰ 110/70 ਰਿਹਾ।


Related News