ਇਤਿਹਾਸ ਅਤੇ ਸੱਭਿਆਚਾਰਕ ਮਾਣ ਦੇ ਦਰਸ਼ਨ ਕਰਵਾਏਗਾ ਸੋਨੀਪਤ ਦਾ ਸਵਰਨਪ੍ਰਸਥ ਅਜਾਇਬਘਰ : ਸ਼੍ਰੀ ਵਿਜੇ ਚੋਪੜਾ
Monday, Jul 11, 2022 - 11:33 AM (IST)

ਸੋਨੀਪਤ (ਬਿਊਰੋ)- ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੇ ਐਤਵਾਰ ਨੂੰ ਸੋਨੀਪਤ ਦੇ ਸਵਰਨਪ੍ਰਸਥ ਮਿਊਜ਼ੀਅਮ ’ਚ ਰਿਸ਼ੀ-ਮੁਨੀ ਗੈਲਰੀ ਦਾ ਉਦਘਾਟਨ ਕੀਤਾ। ਚੋਪੜਾ ਜੀ ਇੱਥੇ ਆਯੋਜਿਤ ਉਦਘਾਟਨ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਅਜਾਇਬਘਰ ਵਿਚ ਸੁਸ਼ੋਭਿਤ ਇਤਿਹਾਸਕ ਅਤੇ ਸੱਭਿਆਚਾਰਕ ਵਸਤਾਂ ਨੂੰ ਗਹੁ ਨਾਲ ਦੇਖਿਆ। ਉਨ੍ਹਾਂ ਕਿਹਾ ਕਿ ਸਵਰਨਪ੍ਰਸਥ ਅਜਾਇਬਘਰ ਇਤਿਹਾਸਕਤਾ ਦੇ ਨਾਲ-ਨਾਲ ਸੱਭਿਆਚਾਰਕ ਮਾਣ ਦੇ ਦਰਸ਼ਨ ਵੀ ਕਰਵਾਉਂਦਾ ਹੈ। ਇਹ ਅਜਾਇਬਘਰ ਆਉਣ ਵਾਲੀਆਂ ਪੀੜ੍ਹੀਆਂ ਲਈ ਦੁਰਲੱਭ ਗਿਆਨ ਦਾ ਮਹੱਤਵਪੂਰਣ ਸਰੋਤ ਬਣੇਗਾ। ਇਸ ਤੋਂ ਪਹਿਲਾਂ ਅਜਾਇਬਘਰ ਪਹੁੰਚਣ ’ਤੇ ਸੁਸਾਇਟੀ ਫਾਰ ਦਿ ਡਿਵੈੱਲਪਮੈਂਟ ਆਫ ਸੋਨੀਪਤ ਟਾਊਨ ਦੇ ਮੈਂਬਰ ਸਕੱਤਰ ਰਾਜੇਸ਼ ਖੱਤਰੀ, ਸੰਯੁਕਤ ਸਕੱਤਰ ਜਸਬੀਰ ਖੱਤਰੀ ਅਤੇ ਪੁਰਾਤੱਤਵ ਵਿਗਿਆਨੀ ਡਾ. ਡੀ. ਵੀ. ਸ਼ਰਮਾ ਨੇ ਸ਼੍ਰੀ ਵਿਜੇ ਚੋਪੜਾ ਜੀ ਦਾ ਸਵਾਗਤ ਕੀਤਾ।
ਸ਼੍ਰੀ ਵਿਜੇ ਚੋਪੜਾ ਨੇ ਰਿਸ਼ੀ-ਮੁਨੀ ਗੈਲਰੀ ਦਾ ਉਦਘਾਟਨ ਕਰਨ ਤੋਂ ਬਾਅਦ ਹੋਰ ਗੈਲਰੀਆਂ ਵਿਚ ਰੱਖੀਆਂ ਸਭ ਤੋਂ ਪੁਰਾਣੀਆਂ ਵਸਤਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਵਰਨਪ੍ਰਸਥ ਮਿਊਜ਼ੀਅਮ ਦੀ ਖਾਸ ਗੱਲ ਇਹ ਹੈ ਕਿ ਇੱਥੇ ਦੇਸ਼ ਭਰ ਦੀਆਂ ਦੁਰਲੱਭ ਵਸਤੂਆਂ ਨੂੰ ਇਕੱਠਾ ਕਰ ਕੇ ਸਜਾਇਆ ਗਿਆ ਹੈ। ਇਨ੍ਹਾਂ ਵਸਤੂਆਂ ਰਾਹੀਂ ਆਪਣੇ ਸੱਭਿਆਚਾਰ ਅਤੇ ਆਪਣੇ ਇਤਿਹਾਸ ਨਾਲ ਰੂ-ਬ-ਰੂ ਹੋਣ ਦਾ ਵਧੀਆ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਲਾਹ ਦਿੱਤੀ ਕਿ ਆਉਣ ਵਾਲੀ ਪੀੜ੍ਹੀ ਨੂੰ ਦੇਸ਼ ਅਤੇ ਦੁਨੀਆ ਦੇ ਸੱਭਿਆਚਾਰ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਦੇਸ਼ ਵਿਚ ਇਕ-ਦੂਜੇ ਪ੍ਰਤੀ ਲਗਾਤਾਰ ਘਟਦੀ ਜਾ ਰਹੀ ਸਹਿਯੋਗ ਦੀ ਭਾਵਨਾ ’ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਿਸੇ ਵੀ ਪੀੜ੍ਹੀ ਦਾ ਜੀਵਨ ਵਿਚ ਤਰੱਕੀ ਲਈ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿਣਾ ਬੇਹੱਦ ਜ਼ਰੂਰੀ ਹੈ। ਸੰਸਕਾਰ ਅਤੇ ਸੱਭਿਆਚਾਰ ਨੂੰ ਭੁੱਲਣਾ ਨਹੀਂ ਚਾਹੀਦਾ। ਇਸ ਦੌਰਾਨ ਸਤਪਾਲ ਨਾਥ ਮਹਾਰਾਜ, ਵਿਜੇ ਸ਼ਰਮਾ, ਸੂਰਜ ਸ਼ਾਸਤਰੀ, ਸਤਿਆਵਾਨ ਖੱਤਰੀ, ਆਰ. ਕੇ. ਜੈਨ, ਭੀਮ ਸਿੰਘ, ਅਜੇ ਸ਼ਾਸਤਰੀ, ਬਿਜੇਂਦਰ ਆਦਿ ਹਾਜ਼ਰ ਸਨ।
ਜਰਮਨੀ ਦੀਆਂ ਯਾਦਾਂ ਸੁਣਾ ਕੇ ਕੀਤਾ ਪ੍ਰੇਰਿਤ
ਸ਼੍ਰੀ ਵਿਜੇ ਚੋਪੜਾ ਜੀ ਨੇ ਹਾਜ਼ਰੀਨ ਨੂੰ ਦੱਸਿਆ ਕਿ ਉਹ ਕਈ ਸਾਲ ਪਹਿਲਾਂ ਇਕ ਵਾਰ ਜਰਮਨੀ ਗਏ ਸਨ। ਉੱਥੇ ਉਹ ਜਿਸ ਪਰਿਵਾਰ ਕੋਲ ਠਹਿਰੇ ਸਨ, ਉਨ੍ਹਾਂ ਦੇ ਆਦਰ-ਸਤਿਕਾਰ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਸਨ। ਜਰਮਨੀ ਦੇ ਉਸ ਪਰਿਵਾਰ ਨੇ ਆਪਣਾਪਨ ਦਿੱਤਾ ਅਤੇ ਮਾਤਾ-ਪਿਤਾ ਅਤੇ ਭੈਣ-ਭਰਾਵਾਂ ਵਰਗਾ ਵਿਹਾਰ ਕੀਤਾ। ਇੰਨਾ ਹੀ ਨਹੀਂ, ਜਦੋਂ ਉਹ ਆਉਣ ਲੱਗੇ ਤਾਂ ਉਹ ਲੋਕ ਉਨ੍ਹਾਂ ਨੂੰ ਵਾਪਸ ਭੇਜਣ ਲਈ ਤਿਆਰ ਨਹੀਂ ਸਨ। ਇਹ ਬਹੁਤ ਹੀ ਘੱਟ ਹੁੰਦਾ ਹੈ, ਜਦੋਂ ਬਾਹਰਲੇ ਲੋਕਾਂ ਨਾਲ ਪਰਿਵਾਰਕ ਨਾਤਾ ਬਣ ਜਾਵੇ। ਇਹੀ ਸੰਸਕਾਰ ਅਤੇ ਆਦਰ ਭਾਵ ਨੂੰ ਹਰ ਵਿਅਕਤੀ ਅੰਦਰ ਜਗਾਉਣ ਦੀ ਲੋੜ ਹੈ। ਸ਼੍ਰੀ ਚੋਪੜਾ ਨੇ ਦੱਸਿਆ ਕਿ ਲੰਡਨ ਵਿਚ ਇਕ ਵਾਰ ਉਨ੍ਹਾਂ ਨੇ ਇਕ ਅਣਪਛਾਤੇ ਵਿਅਕਤੀ ਤੋਂ ਮੰਜ਼ਿਲ ਦਾ ਪਤਾ ਪੁੱਛਿਆ ਤਾਂ ਉਹ ਵਿਅਕਤੀ ਉਨ੍ਹਾਂ ਨੂੰ ਮੰਜ਼ਿਲ ਤਕ ਛੱਡ ਕੇ ਆਇਆ। ਇੰਨਾ ਹੀ ਨਹੀਂ, ਉਸ ਵਿਅਕਤੀ ਨੇ ਮਦਦ ਕਰ ਕੇ ਆਤਮ-ਸੰਤੁਸ਼ਟੀ ਮਹਿਸੂਸ ਕੀਤੀ।
ਸਵਰਨਪ੍ਰਸਥ ਮਿਊਜ਼ੀਅਮ ’ਚ ਹੁਣ ਤੱਕ ਹੋ ਚੁੱਕੈ 9 ਗੈਲਰੀਆਂ ਦਾ ਉਦਘਾਟਨ
ਸੁਸਾਇਟੀ ਫਾਰ ਦਿ ਡਿਵੈੱਲਪਮੈਂਟ ਆਫ ਸੋਨੀਪਤ ਟਾਊਨ ਦੇ ਮੈਂਬਰ ਸਕੱਤਰ ਰਾਜੇਸ਼ ਖੱਤਰੀ ਨੇ ਦੱਸਿਆ ਕਿ ਸਵਰਨਪ੍ਰਸਥ ਅਜਾਇਬਘਰ ’ਚ ਹੁਣ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ 9 ਗੈਲਰੀਆਂ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚ ਰਿਸ਼ੀ-ਮੁਨੀ ਗੈਲਰੀ ਤੋਂ ਇਲਾਵਾ ਸ਼ਹੀਦਾਂ, ਖੇਤੀਬਾੜੀ, ਮਹਾਭਾਰਤ ਕਾਲੀਨ ਗੈਲਰੀ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵੱਕਾਰੀ ਅਖਬਾਰ ਪੰਜਾਬ ਕੇਸਰੀ ਦੇ ਪਹਿਲੇ ਅੰਕ ਦੀ ਕਾਪੀ ਵੀ ਰਿਸ਼ੀ-ਮੁਨੀ ਗੈਲਰੀ ’ਚ ਸੁਸ਼ੋਭਿਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਈ ਕਿਸਮ ਦੀਆਂ ਦੁਰਲੱਭ ਲਿਖਤ ਸਮੱਗਰੀਆਂ ਵੀ ਇੱਥੇ ਮੌਜੂਦ ਹਨ।