ਸਵਾਮੀ ਪ੍ਰਸਾਦ ਨੇ ਸਮਾਜਵਾਦੀ ਪਾਰਟੀ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
Tuesday, Feb 20, 2024 - 02:36 PM (IST)
ਲਖਨਊ (ਵਾਰਤਾ)- ਸਮਾਜਵਾਦੀ ਪਾਰਟੀ (ਸਪਾ) 'ਤੇ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਲਗਾਉਣ ਵਾਲੇ ਮਜ਼ਬੂਤ ਨੇਤਾ ਸਵਾਮੀ ਪ੍ਰਸਾਦ ਮੌਰਿਆ ਨੇ ਸਪਾ ਦੀ ਮੁੱਢਲੀ ਮੈਂਬਰਸ਼ਿਪ ਅਤੇ ਵਿਧਾਨ ਪ੍ਰੀਸ਼ਦ ਦੀ ਮੈਂਬਰਤਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ਼੍ਰੀ ਮੌਰੀਆ ਨੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ 12 ਫਰਵਰੀ ਨੂੰ ਉਨ੍ਹਾਂ ਨਾਲ ਹੋਈ ਗੱਲਬਾਤ ਅਤੇ 13 ਫਰਵਰੀ ਨੂੰ ਭੇਜੇ ਗਏ ਪੱਤਰ 'ਤੇ ਕੋਈ ਪਹਿਲਕਦਮੀ ਨਾ ਕੀਤੇ ਜਾਣ ਕਾਰਨ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਇਕ ਹੋਰ ਪੱਤਰ ਵਿਚ ਉਨ੍ਹਾਂ ਨੇ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਨੂੰ ਲਿਖਿਆ ਕਿ ਉਹ ਵਿਧਾਨ ਸਭਾ ਹਲਕੇ ਤੋਂ ਸਪਾ ਦੇ ਉਮੀਦਵਾਰ ਵਜੋਂ ਵਿਧਾਨ ਪ੍ਰੀਸ਼ਦ ਲਈ ਚੁਣੇ ਗਏ ਸਨ ਅਤੇ ਜਦੋਂ ਉਨ੍ਹਾਂ ਨੇ ਸਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਤਾਂ ਨੈਤਿਕਤਾ ਦੇ ਆਧਾਰ 'ਤੇ ਵਿਧਾਨ ਪ੍ਰੀਸ਼ਦ ਦੀ ਮੈਂਬਰਤਾ ਤੋਂ ਵੀ ਅਸਤੀਫ਼ਾ ਦੇ ਰਹੇ ਹਨ।
ਦੱਸਣਯੋਗ ਹੈ ਕਿ ਸ਼੍ਰੀ ਮੌਰੀਆ ਨੇ ਪਿਛਲੇ ਦਿਨੀਂ ਸਪਾ ਦੇ ਕੁਝ ਨੇਤਾਵਾਂ ਨਾਲ ਉਨ੍ਹਾਂ ਦੇ ਪ੍ਰਤੀ ਰਵੱਈਏ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਪਾਰਟੀ ਦੇ ਹਿੱਤ 'ਚ ਹੁੰਦੇ ਹਨ ਪਰ ਪਾਰਟੀ ਉਨ੍ਹਾਂ ਦੇ ਨਿੱਜੀ ਬਿਆਨ ਕਹਿ ਕੇ ਉਨ੍ਹਾਂ ਤੋਂ ਕਿਨਾਰਾ ਕਰ ਲੈਂਦੀ ਹੈ ਜੋ ਸਹੀ ਨਹੀਂ ਹੈ। ਇਸ 'ਤੇ ਸ਼੍ਰੀ ਯਾਦਵ ਵਲੋਂ ਕੋਈ ਜਵਾਬ ਨਹੀਂ ਮਿਲਣ 'ਤੇ ਉਨ੍ਹਾਂ ਨੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਵੀ ਸਪਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲਣ 'ਤੇ ਪਿਛਲੇ ਦਿਨੀਂ ਉਨ੍ਹਾਂ ਨੇ ਆਪਣੇ ਨਿੱਜੀ ਰਾਜਨੀਤਕ ਦਲ ਬਣਾਉਣ ਦਾ ਐਲਾਨ ਕਰ ਦਿੱਤਾ ਸੀ, ਜਿਸ 'ਤੇ ਅਖਿਲੇਸ਼ ਯਾਦਵ ਨੇ ਤੰਜ਼ ਕੱਸਦੇ ਹੋਏ ਕਿਹਾ ਸੀ ਕਿ ਕੋਈ ਕਿਸੇ ਦੇ ਮਨ ਦੀ ਗੱਲ ਨੂੰ ਨਹੀਂ ਜਾਣ ਸਕਦਾ ਅਤੇ ਕਿਸੇ ਦੇ ਮਨ 'ਚ ਕੀ ਹੈ ਕਿਹੜੀ ਮਸ਼ੀਨ ਦੱਸੇਗੀ ਲਾਭ ਲੈ ਕੇ ਸਭ ਚਲੇ ਜਾਂਦੇ ਹਨ। ਸ਼੍ਰੀ ਯਾਦਵ ਦੇ ਤੰਜ਼ ਦਾ ਜਵਾਬ ਦਿੰਦਿਆਂ ਸ਼੍ਰੀ ਮੌਰੀਆ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਸਪਾ ਦੀ ਸਰਕਾਰ ਨਾ ਤਾਂ ਕੇਂਦਰ ਵਿਚ ਹੈ ਅਤੇ ਨਾ ਹੀ ਉੱਤਰ ਪ੍ਰਦੇਸ਼ ਵਿਚ। ਇਸ ਲਈ ਲਾਭ ਦੇਣ ਦਾ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹੈ। ਅਸਲ ਵਿਚ ਸਪਾ ਕੋਲ ਉਸ ਨੂੰ ਕੁਝ ਦੇਣ ਦੀ ਸਮਰੱਥਾ ਨਹੀਂ ਹੈ ਅਤੇ ਜੋ ਕੁਝ ਵੀ ਦਿੱਤਾ ਹੈ, ਉਹ ਸਨਮਾਨ ਨਾਲ ਵਾਪਸ ਕਰ ਦੇਵੇਗਾ। ਉਸ ਲਈ ਇਹ ਸਥਿਤੀ ਨਹੀਂ ਬਲਕਿ ਵਿਚਾਰ ਮਹੱਤਵਪੂਰਨ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8