ਸਵਾਮੀ ਪ੍ਰਸਾਦ ਮੌਰਿਆ ਦਾ ਵਿਵਾਦਿਤ ਬਿਆਨ- ਹਿੰਦੂ ਧਰਮ ਹੈ ਹੀ ਨਹੀਂ, ਸਿਰਫ ਧੋਖਾ
Tuesday, Aug 29, 2023 - 10:59 AM (IST)
ਲਖਨਊ- ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਸਮਾਜਵਾਦੀ ਪਾਰਟੀ ਨੇਤਾ ਸਵਾਮੀ ਪ੍ਰਸਾਦ ਮੌਰਿਆ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਲਖਨਊ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਉਨ੍ਹਾਂ ਨੇ ਕਿਹਾ ਕਿ ਹਿੰਦੂ ਨਾਂ ਦਾ ਕੋਈ ਧਰਮ ਨਹੀਂ ਹੈ। ਹਿੰਦੂ ਧਰਮ ਸਿਰਫ਼ ਧੋਖਾ ਹੈ। ਬ੍ਰਾਹਮਣ ਧਰਮ ਨੂੰ ਹਿੰਦੂ ਧਰਮ ਕਹਿਣਾ ਇਕ ਸਾਜ਼ਿਸ਼ ਹੈ। ਜੇਕਰ ਹਿੰਦੂ ਧਰਮ ਹੁੰਦਾ ਤਾਂ ਆਦਿਵਾਸੀਆਂ ਦਾ ਵੀ ਸਨਮਾਨ ਹੁੰਦਾ। ਇਹ ਅਨੁਸੂਚਿਤ ਜਾਤੀ ਅਤੇ ਆਦਿਵਾਸੀਆਂ ਨੂੰ ਮਕੜਜਾਲ ਵਿਚ ਫਸਾਉਣ ਦੀ ਕੋਸ਼ਿਸ਼ ਹੈ।
ਮੌਰਿਆ ਨੇ ਅੱਗੇ ਕਿਹਾ ਕਿ ਹਿੰਦੂ ਧਰਮ ਹੁੰਦਾ ਤਾਂ ਇਸ ਸਮਾਜ ਵਿਚ ਪਿਛੜਿਆਂ ਦਾ ਵੀ ਸਨਮਾਨ ਹੁੰਦਾ ਪਰ ਕੀ ਵਿਡੰਬਨਾ ਹੈ ਕਿ ਆਦਿਵਾਸੀ ਸਮਾਜ ਤੋਂ ਆਉਣ ਵਾਲੇ ਰਾਸ਼ਟਰਪਤੀ ਮੁਰਮੂ ਨੂੰ ਮੰਦਰ ਵਿਚ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ। ਸਵਾਮੀ ਪ੍ਰਸਾਦ ਮੌਰਿਆ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦ੍ਰੌਪਦੀ ਮੁਰਮੂ ਜੀ ਨੂੰ ਰਾਸ਼ਟਰਪਤੀ ਹੋਣ ਮਗਰੋਂ ਵੀ ਰੋਕ ਦਿੱਤਾ ਜਾਂਦਾ ਹੈ, ਕਿਉਂਕਿ ਉਹ ਆਦਿਵਾਸੀ ਸਮਾਜ ਤੋਂ ਆਉਂਦੀ ਹੈ। ਜੇਕਰ ਆਦਿਵਾਸੀ ਸਮਾਜ ਹਿੰਦੂ ਹੁੰਦਾ ਤਾਂ ਕੀ ਉਨ੍ਹਾਂ ਨਾਲ ਅਜਿਹਾ ਵਰਤਾਅ ਹੋ ਸਕਦਾ ਸੀ। ਬ੍ਰਾਹਮਣ ਦੇਵਤਿਆਂ ਦੇ ਚਲਾਕ ਲੋਕ ਅੱਜ ਵੀ ਸਾਨੂੰ ਆਦਿਵਾਸੀ ਸਮਝਦੇ ਹਨ। ਜਿਸ ਨੂੰ ਤੁਸੀਂ ਹਿੰਦੂ ਧਰਮ ਕਹਿ ਕੇ ਉਸ ਦੇ ਦੀਵਾਨੇ ਅਤੇ ਪਾਗਲ ਹੋ ਕੇ ਆਪਣਾ ਸਭ ਕੁਝ ਲੁਟਾ ਦਿੰਦੇ ਹੋ, ਹਿੰਦੂ-ਮੁਸਲਿਮ ਦੇ ਨਾਂ 'ਤੇ ਦੰਗਾ ਕਰਵਾ ਦਿੰਦੇ ਹੋ, ਖ਼ੂਨ ਵਹਾ ਦਿੰਦੇ ਹੋ, ਇਹ ਤੁਹਾਡੀ ਨਾਦਾਨੀ ਹੈ।