ਸਰਜੀਕਲ ਸਟਰਾਈਕ : ਹੁੱਡਾ ਦੇ ਬਿਆਨ ''ਤੇ ਰਣਦੀਪ ਨੇ ਮੋਦੀ ''ਤੇ ਸਾਧਿਆ ਨਿਸ਼ਾਨਾ

12/08/2018 4:57:01 PM

ਨਵੀਂ ਦਿੱਲੀ— ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਹੁੱਡਾ ਦੇ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ, ''ਲੈਫਟੀਨੈਂਟ ਜਨਰਲ ਹੁੱਡਾ ਤੁਹਾਡਾ ਧੰਨਵਾਦ ਕਿ ਤੁਸੀਂ ਪ੍ਰਧਾਨ ਮੰਤਰੀ ਮੋਦੀ ਵਲੋਂ ਸਰਜੀਕਲ ਸਟਰਾਈਕ ਦਾ ਸਿਆਸੀਕਰਨ ਕੀਤੇ ਜਾਣ ਨੂੰ ਬੇਨਕਾਬ ਕਰ ਦਿੱਤਾ। ਕੋਈ ਵੀ ਸਾਡੇ ਬਹਾਦਰ ਜਵਾਨਾਂ ਦੇ ਬਲੀਦਾਨ ਦਾ ਇਸਤੇਮਾਲ ਸਸਤੇ ਸਿਆਸੀ ਲਾਭ ਲਈ ਨਹੀਂ ਕਰ ਸਕਦਾ। 
ਦਰਅਸਲ ਖਬਰਾਂ ਮੁਤਾਬਕ ਹੁੱਡਾ ਨੇ ਕਿਹਾ ਹੈ ਕਿ ਸਰਜੀਕਲ ਸਟਰਾਈਕ ਦੀ ਸਫਲਤਾ 'ਤੇ ਸ਼ੁਰੂਆਤੀ ਉਤਸ਼ਾਹ ਕੁਦਰਤੀ ਸੀ ਪਰ ਇਸ ਨੂੰ ਲੋੜ ਤੋਂ ਵੱਧ ਹਵਾ ਦਿੱਤੀ ਗਈ, ਜੋ ਕਿ ਅਨੁਚਿਤ ਸੀ। ਸਾਬਕਾ ਜਨਰਲ ਅਫਸਰ ਕਮਾਂਡਿਗ ਇਨ ਚੀਫ ਲੈਫਟੀਨੈਂਟ ਜਨਰਲ ਦੀਪੇਂਦਰ ਸਿੰਘ ਹੁੱਡਾ ਨੇ ਸਰਜੀਕਲ ਸਟਰਾਈਕ ਦੀ ਨਿਗਰਾਨੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਰਜੀਕਲ ਸਟਰਾਈਕ ਤੋਂ ਬਾਅਦ ਇਸ ਮੁਹਿੰਮ ਦੀ ਵਰਤੋਂ ਸਿਆਸੀ ਲਾਭ ਲਈ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਫੌਜ ਮੁਹਿੰਮ ਦਾ ਸਿਆਸੀਕਰਨ ਠੀਕ ਨਹੀਂ ਹੈ।

ਦੱਸਣਯੋਗ ਹੈ ਕਿ 29 ਸਤੰਬਰ 2016 ਨੂੰ ਕੰਟਰੋਲ ਰੇਖਾ ਦੇ ਪਾਰ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਸਰਜੀਕਲ ਸਟਰਾਈਕ ਕੀਤੀ ਗਈ ਸੀ। ਉਸ ਸਮੇਂ ਹੁੱਡਾ ਉੱਤਰੀ ਫੌਜ ਦੇ ਕਮਾਂਡਰ ਸਨ। ਹੁੱਡਾ ਦੇ ਬਿਆਨ 'ਤੇ ਫਿਲਹਾਲ ਭਾਜਪਾ ਅਤੇ ਸਰਕਾਰ ਵਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।


Related News