EVM ਤਸਦੀਕ ਦੀ ਅਪੀਲ ਵਾਲੀ ਪਟੀਸ਼ਨ ’ਤੇ ਜਨਵਰੀ ’ਚ ਸ਼ੁਰੂ ਹੋਵੇਗੀ ਸੁਣਵਾਈ : ਚੀਫ ਜਸਟਿਸ

Friday, Dec 20, 2024 - 10:53 PM (IST)

EVM ਤਸਦੀਕ ਦੀ ਅਪੀਲ ਵਾਲੀ ਪਟੀਸ਼ਨ ’ਤੇ ਜਨਵਰੀ ’ਚ ਸ਼ੁਰੂ ਹੋਵੇਗੀ ਸੁਣਵਾਈ : ਚੀਫ ਜਸਟਿਸ

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮ.) ਦੀ ਤਸਦੀਕ ਲਈ ਨੀਤੀ ਬਣਾਉਣ ਦੀ ਅਪੀਲ ਕਰਨ ਵਾਲੀ ਪਟੀਸ਼ਨ ’ਤੇ ਹੁਣ ਜਸਟਿਸ ਦੀਪਾਂਕਰ ਦੱਤਾ ਦੀ ਪ੍ਰਧਾਨਗੀ ਵਾਲੀ ਬੈਂਚ ਅਗਲੇ ਸਾਲ ਜਨਵਰੀ ਵਿਚ ਸੁਣਵਾਈ ਕਰੇਗੀ।

ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਕਿਹਾ ਕਿ ਹਰਿਆਣਾ ਦੇ ਸਾਬਕਾ ਮੰਤਰੀ ਅਤੇ 5 ਵਾਰ ਦੇ ਵਿਧਾਇਕ ਕਰਨ ਸਿੰਘ ਦਲਾਲ ਅਤੇ ਲਖਨ ਕੁਮਾਰ ਸਿੰਗਲਾ ਦੀ ਤਾਜ਼ਾ ਪਟੀਸ਼ਨ ’ਤੇ ਜਸਟਿਸ ਦੱਤਾ ਦੀ ਪ੍ਰਧਾਨਗੀ ਵਾਲੀ ਬੈਂਚ 20 ਜਨਵਰੀ, 2025 ਤੋਂ ਸੁਰੂ ਹੋਣ ਵਾਲੇ ਹਫਤੇ ਵਿਚ ਸੁਣਵਾਈ ਕਰੇਗੀ।

ਅਪ੍ਰੈਲ ਦੀ ਸ਼ੁਰੂਆਤ ਵਿਚ ਜਸਟਿਸ ਖੰਨਾ ਅਤੇ ਜਸਟਿਸ ਦੱਤਾ ਦੀ ਬੈਂਚ ਨੇ ਬੈਲਟ ਪੇਪਰਾਂ ਦੀ ਵਰਤੋਂ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਸ਼ੁੱਕਰਵਾਰ ਨੂੰ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਨੇ ਪਟੀਸ਼ਨ ਖਾਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਦੀ ਰਾਹਤ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਪਹਿਲਾਂ ਵੀ ਖਾਰਜ ਹੋ ਚੁੱਕੀਆਂ ਸਨ।

ਇਸ ’ਤੇ ਚੀਫ ਜਸਟਿਸ ਨੇ ਕਿਹਾ ਕਿ ਹੁਣ ਜਸਟਿਸ ਦੱਤਾ ਦੀ ਅਗਵਾਈ ਵਾਲੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ 13 ਦਸੰਬਰ ਨੂੰ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਪੀ. ਬੀ. ਵਰਾਲੇ ਦੇ ਬੈਂਚ ਨੇ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਸ ’ਤੇ ਉਸ ਬੈਂਚ ਵੱਲੋਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਜਿਸ ਨੇ ਪਿਛਲੀਆਂ ਇਸੇ ਤਰ੍ਹਾਂ ਦੀਆਂ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਸੀ।


author

Rakesh

Content Editor

Related News