ਸੁਪਰੀਮ ਕੋਰਟ ਸੋਮਵਾਰ ਕਰੇਗਾ NEET-UG 2024 ਨਾਲ ਜੁੜੀਆਂ ਪਟੀਸ਼ਨਾਂ ''ਤੇ ਸੁਣਵਾਈ
Sunday, Jul 07, 2024 - 04:17 PM (IST)
ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਵਿਵਾਦਾਂ ਨਾਲ ਘਿਰੀ ਮੈਡੀਕਲ ਪ੍ਰਵੇਸ਼ ਪ੍ਰੀਖਿਆ 'NEET-UG' 2024 ਨਾਲ ਜੁੜੀਆਂ ਪਟੀਸ਼ਨਾਂ 'ਤੇ ਸੋਮਵਾਰ ਨੂੰ ਸੁਣਵਾਈ ਕਰੇਗਾ। ਇਨ੍ਹਾਂ ਪਟੀਸ਼ਨਾਂ 'ਚ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ-ਗ੍ਰੈਜੂਏਟ (NEET-UG) ਦੀ 5 ਮਈ ਨੂੰ ਹੋਈ ਪ੍ਰੀਖਿਆ 'ਚ ਬੇਨਿਯਮੀਆਂ ਅਤੇ ਦੁਰਵਿਵਹਾਰਾਂ ਦਾ ਦੋਸ਼ ਲਗਾਉਣ ਵਾਲੀਆਂ ਪਟੀਸ਼ਨਾਂ ਵੀ ਸ਼ਾਮਲ ਹਨ ਅਤੇ ਇਸ ਨੂੰ ਦੁਬਾਰਾ ਕਰਵਾਉਣ ਲਈ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ। ਕੇਂਦਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਸ਼ੁੱਕਰਵਾਰ ਨੂੰ ਅਦਾਲਤ ਨੂੰ ਕਿਹਾ ਸੀ ਕਿ ਪ੍ਰਾਇਵੇਸੀ ਦੀ ਉਲੰਘਣਾ ਦੇ ਬਿਨਾਂ ਕਿਸੇ ਸਬੂਤ ਦੇ ਇਸ ਪ੍ਰੀਖਿਆ ਨੂੰ ਰੱਦ ਕਰਨ ਨਾਲ ਬਹੁਤ ਮਾੜਾ ਪ੍ਰਭਾਵ ਪਵੇਗਾ ਕਿਉਂਕਿ ਇਸ ਨਾਲ ਲੱਖਾਂ ਇਮਾਨਦਾਰ ਉਮੀਦਵਾਰਾਂ 'ਤੇ 'ਗੰਭੀਰ ਪ੍ਰਭਾਵ' ਪੈ ਸਕਦਾ ਹੈ। ਅਦਾਲਤ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਗਈ 8 ਜੁਲਾਈ ਦੀ ਕਾਰਨ ਸੂਚੀ ਅਨੁਸਾਰ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੀ ਬੈਂਚ ਪ੍ਰੀਖਿਆ ਨਾਲ ਸਬੰਧਤ ਕੁੱਲ 38 ਪਟੀਸ਼ਨਾਂ 'ਤੇ ਸੁਣਵਾਈ ਕਰੇਗੀ।
ਨੈਸ਼ਨਲ ਟੈਸਟਿੰਗ ਏਜੰਸੀ (NTA) ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ 'ਚ MBBS, BDS, ਆਯੁਸ਼ ਅਤੇ ਹੋਰ ਸਬੰਧਤ ਕੋਰਸਾਂ 'ਚ ਦਾਖ਼ਲੇ ਲਈ NEET-UG ਦਾ ਆਯੋਜਨ ਕਰਦੀ ਹੈ। ਇਹ ਪ੍ਰੀਖਿਆ ਇਸ ਸਾਲ 5 ਮਈ ਨੂੰ ਕਰਵਾਈ ਗਈ ਸੀ, ਜਿਸ 'ਚ 571 ਸ਼ਹਿਰਾਂ ਦੇ 4,750 ਪ੍ਰੀਖਿਆ ਕੇਂਦਰਾਂ 'ਤੇ ਲਗਭਗ 23 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਪ੍ਰਸ਼ਨ ਪੱਤਰ ਲੀਕ ਸਮੇਤ ਬੇਨਿਯਮੀਆਂ ਦੇ ਦੋਸ਼ਾਂ ਨੂੰ ਲੈ ਕੇ ਕਈ ਸ਼ਹਿਰਾਂ 'ਚ ਵਿਰੋਧ ਪ੍ਰਦਰਸ਼ਨ ਹੋਏ ਅਤੇ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਨੂੰ ਚੁੱਕਿਆ। ਪ੍ਰੀਖਿਆ 'ਚ ਬੇਨਿਯਮੀਆਂ ਨੂੰ ਲੈ ਕੇ ਅਦਾਲਤਾਂ 'ਚ ਕਈ ਮਾਮਲੇ ਵੀ ਦਾਇਰ ਕੀਤੇ ਗਏ ਸਨ। ਕੇਂਦਰੀ ਸਿੱਖਿਆ ਮੰਤਰਾਲਾ ਅਤੇ ਐੱਨਟੀਏ ਨੇ ਪਟੀਸ਼ਨਾਂ ਦਾ ਵਿਰੋਧ ਕਰਦੇ ਹੋਏ ਵੱਖ-ਵੱਖ ਹਲਫ਼ਨਾਮੇ ਦਾਇਰ ਕੀਤੇ ਹਨ, ਜਿਸ 'ਚ ਵਿਵਾਦਪੂਰਨ ਪ੍ਰੀਖਿਆ ਨੂੰ ਰੱਦ ਕਰਨ, ਮੁੜ ਪ੍ਰੀਖਿਆ ਅਤੇ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਆਪਣੇ ਜਵਾਬ 'ਚ ਕਿਹਾ ਕਿ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਸੀ.ਬੀ.ਆਈ ਨੇ ਵੱਖ-ਵੱਖ ਰਾਜਾਂ 'ਚ ਦਰਜ ਮਾਮਲਿਆਂ ਨੂੰ ਆਪਣੇ ਹੱਥ 'ਚ ਲੈ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8