ਗੋਧਰਾ ਰੇਲ ਕਾਂਡ ’ਤੇ ਸਿਖਰਲੀ ਅਦਾਲਤ ਨੇ ਕਿਹਾ- ਹੁਣ ਹੋਰ ਮੁਲਤਵੀ ਨਹੀਂ, ਅਗਲੀ ਸੁਣਵਾਈ 15 ਜਨਵਰੀ ਨੂੰ

Friday, Sep 27, 2024 - 12:52 AM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਉਹ 2002 ਦੇ ਗੋਧਰਾ ਰੇਲ ਕਾਂਡ ਮਾਮਲੇ ’ਚ ਗੁਜਰਾਤ ਸਰਕਾਰ ਅਤੇ ਕਈ ਹੋਰ ਦੋਸ਼ੀਆਂ ਵੱਲੋਂ ਦਾਇਰ ਅਪੀਲ ’ਤੇ 15 ਜਨਵਰੀ ਨੂੰ ਸੁਣਵਾਈ ਕਰੇਗੀ। ਗੁਜਰਾਤ ਦੇ ਗੋਧਰਾ ਵਿਚ 27 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈੱਸ ਦੇ ਐੱਸ-6 ਕੋਚ ਨੂੰ ਸਾੜਨ ਨਾਲ 59 ਲੋਕ ਮਾਰੇ ਗਏ ਸਨ। ਇਸ ਘਟਨਾ ਤੋਂ ਬਾਅਦ ਸੂਬੇ ’ਚ ਦੰਗੇ ਭੜਕ ਗਏ ਸਨ।

ਸਿਖਰਲੀ ਅਦਾਲਤ ਵਿਚ ਗੁਜਰਾਤ ਹਾਈ ਕੋਰਟ ਦੇ ਅਕਤੂਬਰ 2017 ਦੇ ਉਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਕਈ ਅਪੀਲਾਂ ਦਾਇਰ ਕੀਤੀਆਂ ਗਈਆਂ ਸਨ, ਜਿਸ ’ਚ ਕਈ ਦੋਸ਼ੀਆਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ ਅਤੇ 11 ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਸੀ। ਕੁਝ ਪਟੀਸ਼ਨਾਂ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਸੁਣਵਾਈ ਲਈ ਆਈਆਂ।

ਗੁਜਰਾਤ ਸਰਕਾਰ ਦੀ ਵਕੀਲ ਸਵਾਤੀ ਘਿਲਦਿਆਲ ਨੇ ਬੈਂਚ ਨੂੰ ਮਾਮਲੇ ਦੀ ਸੁਣਵਾਈ ਕਿਸੇ ਹੋਰ ਦਿਨ ਕਰਨ ਦੀ ਅਪੀਲ ਕੀਤੀ ਕਿਉਂਕਿ ਉਨ੍ਹਾਂ ਨੂੰ ਮੌਤ ਦੀ ਸਜ਼ਾ ਨਾਲ ਸਬੰਧਤ ਇਕ ਮਾਮਲੇ ਵਿਚ ਸਿਖਰਲੀ ਅਦਾਲਤ ਦੀ ਇਕ ਹੋਰ ਬੈਂਚ ਦੇ ਸਾਹਮਣੇ ਬਹਿਸ ਕਰਨੀ ਸੀ।

ਬੈਂਚ ਨੇ ਕਿਹਾ ਕਿ ਹੁਣ ਅਸੀਂ ਇਸ ਨੂੰ ਅਗਲੀ ਤਰੀਕ ਤੱਕ ਮੁਲਤਵੀ ਨਹੀਂ ਕਰਾਂਗੇ। ਇਸਨੂੰ ਗੁਜਰਾਤ ਰਾਜ ਵੱਲੋਂ ਪੇਸ਼ ਵਕੀਲ ਸਵਾਤੀ ਘਿਲਦਿਆਲ ਦੀ ਅਪੀਲ ’ਤੇ 15 ਜਨਵਰੀ, 2025 ਲਈ ਸੂਚੀਬੱਧ ਕੀਤਾ ਜਾਵੇ।


Rakesh

Content Editor

Related News